ਸੰਗਰੂਰ(ਜਗਸੀਰ ਲੌਂਗੋਵਾਲ) : ਪੰਜਾਬ ਭਰ ਦੇ ਸੜਕੀ ਟਰਾਂਸਪੋਰਟ ਵਰਕਰਾਂ ਦੀਆਂ ਯੂਨੀਅਨਾਂ ਦੀ ਤਾਲਮੇਲ ਕਮੇਟੀ ਦੇ ਕਨਵੀਨਰ ਸਾਥੀ ਚੰਦਰ ਸ਼ੇਖਰ ਨੇ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਕਿ ਕੇਂਦਰ ਸਰਕਾਰ ਥੋਥੀ ਬਿਆਨਬਾਜ਼ੀ ਦੀ ਬਜਾਏ ਸਖ਼ਤ ਕਾਨੂੰਨ ਬਣਾਏ।ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਸ੍ਰੀ ਨੀਤਿਨ ਜੈ ਰਾਮ ਗਡਕਰੀ ਨੇ ਸੜਕਾਂ ਦੇ ਨੁਕਸਦਾਰ ਨਿਰਮਾਣ ਲਈ ਦੋਸ਼ੀ ਠੇਕੇਦਾਰਾਂ ਅਤੇ ਅਧਿਕਾਰੀਆਂ ਲਈ ਸਖ਼ਤ ਕਦਮ ਚੁੱਕਣ ਲਈ ਉਪਦੇਸ਼ ਦਿੱਤਾ ਹੈ। ਉਨ੍ਹਾਂ ਨੇ ਸੀ.ਆਈ.ਆਈ ਵੱਲੋਂ ਦਿੱਲੀ ਵਿਖੇ ਆਯੋਜਿਤ “ਸੜਕ ਸੁਰੱਖਿਆ ਹਫਤੇ”ਦੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਨੁਕਸਦਾਰ ਸੜਕਾਂ ਦਾ ਨਿਰਮਾਣ ਕਰਨ ਵਾਲੇ ਦੋਸ਼ੀ ਠੇਕੇਦਾਰਾਂ, ਇੰਜਨੀਅਰਾਂ ਅਤੇ ਅਧਿਕਾਰੀਆਂ ਨੂੰ ਜੇਲ੍ਹਾਂ ਵਿੱਚ ਸੁੱਟਣਾ ਚਾਹੀਦਾ ਹੈ।
ਪੰਜਾਬ ਭਰ ਦੀਆਂ ਸੜਕੀ ਟਰਾਂਸਪੋਰਟ ਯੂਨੀਅਨਾਂ ਦੀ ਤਾਲਮੇਲ ਕਮੇਟੀ ਦੇ ਕਨਵੀਨਰ ਨੇ ਕਿਹਾ ਕਿ ਭਾਰਤ ਵਿਚ ਜ਼ਿਆਦਾਤਰ ਦੁਰਘਟਨਾਵਾਂ ਅਤੇ ਮੌਤਾਂ ਕੌਮੀਂ ਮਾਰਗ ਉੱਤੇ ਹੁੰਦੀਆਂ ਹਨ। ਜਦਕਿ ਇਨ੍ਹਾਂ ਦੀ ਕੁੱਲ ਸੜਕਾਂ ਦੀ ਲੰਬਾਈ ਵਿੱਚ ਹਿੱਸੇਦਾਰੀ ਕੇਵਲ 2% ਹੀ ਹੈ। ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਸ੍ਰੀ ਗੱਡਕਰੀ ਜੀ ਹੀ ਇਸ ਵਿਭਾਗ ਦੇ ਮੰਤਰੀ ਹਨ। ਉਨ੍ਹਾਂ ਵੱਲੋਂ ਲਗਾਤਾਰ ਕੀਤੇ ਜਾਂਦੇ ਪ੍ਰਚਾਰ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਸਕਦਾ । ਲੇਕਿਨ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਉਹ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਏ ਹਨ। ਸਾਥੀ ਚੰਦਰ ਸ਼ੇਖਰ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਗਡਕਰੀ 31 ਜਨਵਰੀ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੌਰਾਨ ਹੀ ਦੁਰਘਟਨਾਵਾਂ ਲਈ ਜੁੰਮੇਵਾਰ ਕੰਪਨੀਆਂ, ਠੇਕੇਦਾਰਾਂ, ਇੰਜਨੀਅਰਾਂ, ਸੰਬਧਿਤ ਮੰਤਰੀਆਂ ਅਤੇ ਅਧਿਕਾਰੀਆਂ ਲਈ ਲੰਮੀਆਂ ਜ਼ੇਲਾਂ, ਸਖ਼ਤ ਕਾਰਵਾਈਆਂ,ਹਰਜਾਨਿਆਂ ਅਤੇ ਜੁਰਮਾਨੇ ਆਦਿ ਕਰਨ ਵਾਲਾ ਕਾਨੂੰਨ ਪਾਸ ਕਰਵਾਕੇ ਠੋਸ ਕਾਰਵਾਈ ਕਰਨ ਨਾਂ ਕਿ ਮੀਡੀਆ ਦੀਆਂ ਸੁਰਖੀਆਂ ਵਟੋਰਨ ਤੱਕ ਸੀਮਤ ਰਹਿਣ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੜਕੀ ਦੁਰਘਟਨਾਵਾਂ ਲਈ ਬੇਜ਼ੁਬਾਨ ਡਰਾਈਵਰਾਂ ਵਿਰੁੱਧ ਭੰਡੀ ਪ੍ਰਚਾਰ ਬੰਦ ਕੀਤਾ ਜਾਵੇ।