ਸੁਖਬੀਰ ਬਾਦਲ ਦੇ ਹਮਾਇਤੀਆਂ ਨੇ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੀ ਇੱਕ ਹੋਰ ਡੂੰਘੀ ਸਾਜਿਸ਼ ਰਚੀ : ਢੀਂਡਸਾ

Share and Enjoy !

Shares

ਸੰਗਰੂਰ(ਜਗਸੀਰ ਲੌਂਗੋਵਾਲ):  ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਮੁੱਖ ਚਿਹਰੇ ਅਤੇ ਸਾਬਕਾ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਨੇ ਸਿੱਖ ਪੰਥ ਨੂੰ ਸੁਚੇਤ ਕਰਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਹਮਾਇਤੀਆਂ ਨੇ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦੀ ਇੱਕ ਹੋਰ ਡੂੰਘੀ ਸਾਜਿਸ਼ ਰਚੀ ਗਈ ਹੈ ਜਿਸਦਾ ਹਰ ਸਿੱਖ ਨੂੰ ਪੂਰੀ ਜਿੰਮੇਵਾਰੀ ਨਾਲ ਮੁਕਾਬਲਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਉਹ ਇਥੇ ਆਪਣੀ ਰਿਹਾਇਸ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਪਹਿਲਾ ਜੋ ਕੋਤਾਹੀ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਵਾਉਣ ਦੀ ਡਾ.ਦਲਜੀਤ ਸਿੰਘ ਚੀਮਾ ਨੇ ਕੀਤੀ ਸੀ ਉਸ ਤੋਂ ਵੀ ਖਤਰਨਾਕ ਬੱਜਰ ਕੁਤਾਹੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਤਨਖਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੰਘ ਸਾਹਿਬਾਨ ਉੱਪਰ ਦਬਾਓ ਪਾਕੇ ਕਰ ਰਹੇ ਹਨ। ਇੱਕ ਪਾਸੇ ਇਹ ਆਗੂ ਸਿੰਘ ਸਾਹਿਬਾਨ ਨਾਲ ਗੁਪਤ ਮੀਟਿੰਗਾਂ ਕਰਕੇ ਦਬਾਅ ਬਣਾ ਰਹੇ ਹਨ ਦੂਸਰੇ ਪਾਸੇ ਅਕਾਲ ਤਖਤ ਸਾਹਿਬ ਵਿਰੁੱਧ ਯੋਜਨਾਬੱਧ ਤਰੀਕੇ ਨਾਲ ਸਾਜਿਸ਼ ਭਰੀ ਬਿਆਨਬਾਜੀ ਕਰਵਾਈ ਜਾ ਰਹੀ ਹੈ। ਇੱਕ ਵਿਅਕਤੀ ਨੂੰ ਬਚਾਉਣ ਲਈ ਖਾਲਸਾ ਪੰਥ ਦੀ ਮਹਾਨ ਸੰਸਥਾ,ਸਤਿਕਾਰ,ਪ੍ਰਮਾਣਿਤਾ ਤੇ ਸਰਬਉੱਚਤਾ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਉਹਨਾਂ ਨੁਕਤਾਚੀਨੀ ਹੋਰ ਤਿੱਖੀ ਕਰਦਿਆਂ ਕਿਹਾ ਕਿ ਜੋ ਚੈਲੇੰਜ ਅਕਾਲ ਤਖਤ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਦੇ ਚਹੇਤੇ ਕਰ ਰਹੇ ਹਨ ਇਹ ਕਦੇ ਕਿਸੇ ਗੈਰ ਅਕਾਲੀ ਆਗੂ ਨੇ ਵੀ ਹਿੰਮਤ ਨਹੀ ਕੀਤੀ। ਬਾਦਲ ਪਰਿਵਾਰ ਨੇ ਆਪਣੇ ਨਿੱਜੀ ਮੁਫਾਦਾਂ ਕਰਕੇ ਸਿੱਖ ਪੰਥ ਨੂੰ ਬੁਰੇ ਹਾਲਾਤਾਂ ਵਿੱਚ ਲਿਆ ਖੜ੍ਹਾ ਕੀਤਾ ਹੈ।ਸ੍ਰ. ਢੀਂਡਸਾ ਨੇ ਸ਼ੰਕਾ ਜਾਹਿਰ ਕੀਤੀ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਇਲਾਹੀ ਹੁਕਮ ਕਹਿਣ ਵਾਲੇ ਇਹ ਲੋਕ ਹੁਣ ਅਕਾਲ ਤਖਤ ਸਾਹਿਬ ਨੂੰ ਚੈਲੇੰਜ ਕਰ ਰਹੇ ਹਨ ਅਤੇ ਸਿੰਘ ਸਾਹਿਬਾਨ ਤੋਂ ਆਪਣੀ ਮਰਜੀ ਅਨੁਸਾਰ ਗਲਤ ਢੰਗ ਤਰੀਕਿਆ ਨਾਲ ਫੈਸਲੇ ਕਰਵਾਉਣ ਲਈ ਦਬਾਅ ਪਾਉਣ ਦੇ ਯਤਨ ਕਰ ਰਹੇ ਹਨ ਜਿਸ ਤੋਂ ਸਾਫ ਝਲਕਦਾ ਹੈ ਕਿ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣਾ ਤੇ ਸਿਰ ਝੁਕਾਉਣਾ ਮਹਿਜ ਇੱਕ ਡਰਾਮਾ ਸੀ।
ਸ੍ਰ. ਢੀਂਡਸਾ ਨੇ ਕਿਹਾ ਕਿ ਖਾਲਸਾ ਪੰਥ ਨੂੰ ਦਰਪੇਸ਼ ਚਣੋਤੀਆਂ ਦਾ ਸਾਹਮਣਾ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਖਾਲਸੇ ਦੀਆਂ ਰਹੁਰੀਤਾਂ,ਸਿੱਖ ਸਿਧਾਤਾਂ ਅਤੇ ਸ਼ਾਨਦਾਰ ਪ੍ਰਪਰਾਵਾਂ ਅਨੁਸਾਰ ਯੋਗ ਅਗਵਾਈ ਕਰਨ ਦੀ ਆਸ ਬੱਝੀ ਸੀ। ਬੰਦੀ ਛੋੜ ਦਿਵਸ ਮੌਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੇ ਕੌਮ ਦੇ ਨਾਮ ਜੋ ਸੰਦੇਸ਼ ਦਿੱਤਾ,ਪੂਰੇ ਸਿੱਖ ਜਗਤ ਨੇ ਗੰਭੀਰਤਾ ਨਾਲ ਸੁਣਿਆ ਤੇ ਸਲਾਹਿਆ।ਪਰ ਸਿੱਖ ਸੰਸਥਾਵਾਂ ਉੱਪਰ ਕਾਬਜ ਥੜੇ ਤੇ ਸੁਖਬੀਰ ਸਿੰਘ ਬਾਦਲ ਦੇ ਚਹੇਤਿਆਂ ਨੇ ਸਿੰਘ ਸਾਹਿਬਾਨ ਉੱਪਰ ਦਬਾਅ ਬਣਾਉਣ ਦੇ ਯਤਨ ਕੀਤੇ ਤਾਂ ਕਿ ਸਿੱਖ ਪੰਥ ਦੀਆਂ ਸੰਸਥਾਵਾਂ ਮਜਬੂਤ ਨਾ ਹੋਣ।ਇਹ ਇੱਕ ਗਿਣੀ ਮਿਥੀ ਸਾਜਿਸ਼ ਹੈ ਜਿਸ ਦਾ ਸਿੱਖ ਪੰਥ ਡੱਟਕੇ ਵਿਰੋਧ ਕਰੇਗਾ।ਸ੍ਰ.ਢੀਂਡਸਾ ਨੇ ਪੰਜਾਬ ਦੇ ਹਰ ਪਿੰਡ ਵਿੱਚ ਗੁਰੂ ਘਰਾਂ ਅੰਦਰ ਤੇ ਸੱਥਾਂ ਅੰਦਰ ਸੰਗਤ ਮਨ ਦੇ ਵਲਵਲੇ ਸਾਂਝੇ ਕਰ ਰਹੀ ਹੈ।ਅਕਾਲ ਤਖਤ ਸਾਹਿਬ ਤੇ ਸਿੱਖ ਸੰਸਥਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਣ ਦੀ ਹਰਗਿਜ ਆਗਿਆ ਨਹੀ ਦਿੱਤੀ ਜਾ ਸਕਦੀ।ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਜਿਸ ਵਿਅਕਤੀ ਨੇ ਵੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ ,ਉਸਦਾ ਹਸ਼ਰ ਬਹੁਤ ਮਾੜ੍ਹਾ ਹੋਇਆ ਹੈ ਉਹਨਾਂ ਕਿਹਾ ਕਿ ਬਾਦਲ ਧੜ੍ਹੇ ਦੇ ਲੋਕਾਂ ਨੂੰ ਕੰਧ ਲਿਖਆ ਪੜ੍ਹ ਲੈਣਾ ਚਾਹੀਦਾ ਹੈ ਕਿ ਪੰਥ ਨਿੱਜਪ੍ਰਸਤ ਲੋਕਾਂ ਨੂੰ ਕਦੇ ਮੁਆਫ ਨਹੀ ਕੀਤਾ।ਇਸ ਮੌਕੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਗਰਗ,ਸੁਧਾਰ ਲਹਿਰ ਦੇ ਪ੍ਰਮੁੱਖ ਬੁਲਾਰੇ ਜਥੇਦਾਰ ਤੇਜਾ ਸਿੰਘ ਕਮਾਲਪੁਰ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ,ਧਰਮ ਪ੍ਰਚਾਰ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ,ਸਤਗੁਰ ਸਿੰਘ ਨਮੋਲ,ਗੁਰਮੀਤ ਸਿੰਘ ਜੌਹਲ,ਡਾ. ਰੂਪ ਸਿੰਘ ਸ਼ੇਰੋ,ਬਿੰਦਰਪਾਲ ਸਿੰਘ ਨਮੋਲ ਸਾਬਕਾ ਸਰਪੰਚ.ਹਰੀ ਸਿੰਘ ਸ਼ਾਹਪੁਰ,ਨਿਹੰਗ ਸਿੰਘ ਜੀਤ ਸਿੰਘ ਚੀਮਾ ਗੁਰਵਿੰਦਰ ਸਿੰਘ ਭੁੱਲਰ ਤੇ ਹੋਰ ਮੌਜੁਦ ਸਨ।

About Post Author

Share and Enjoy !

Shares

Leave a Reply

Your email address will not be published. Required fields are marked *