ਹੁਸ਼ਿਆਰਪੁਰ ( ਤਰਸੇਮ ਦੀਵਾਨਾ ) :ਬਦਲੇ ਜ਼ਮਾਨੇ ਵਿਚ ਅੱਜ ਕੁੜੀਆਂ ਨਾ ਸਿਰਫ ਮੁੰਡਿਆਂ ਨੂੰ ਹਰ ਖੇਤਰ ਵਿਚ ਟੱਕਰ ਦੇ ਰਹੀਆਂ ਹਨ, ਸਗੋਂ ਨਵੇਂ ਰਿਕਾਰਡ ਬਣਾ ਕੇ ਆਪਣੇ ਮਾਤਾ ਪਿਤਾ, ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਪਿੰਡਾਂ-ਸ਼ਹਿਰਾਂ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਰਹੀਆਂ ਹਨ” , ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਹਲਕੇ ਦੇ ਪਰਿਵਾਰਾਂ ਨਾਲ ਲੋਹੜੀ ਦੇ ਜਸ਼ਨ ਵਿਚ ਸ਼ਮੂਲੀਅਤ ਕਰਦਿਆਂ ਕੀਤਾ | ਉਹਨਾਂ ਨੇ ਉਚੇਚੇ ਤੌਰ ‘ਤੇ ਕੁੜੀਆਂ ਦੀ ਲੋਹੜੀ ਵਿਚ ਸ਼ਿਰਕਤ ਕੀਤੀ ਅਤੇ ਸਮਾਜ ਨੂੰ ਇਕ ਨਵਾਂ ਸੰਦੇਸ਼ ਦੇਣ ਵਾਲੇ ਇਹਨਾਂ ਪਰਿਵਾਰਾਂ ਦੀ ਦਿਲੀ ਸ਼ਲਾਘਾ ਕੀਤੀ| ਲਿੰਗ ਅਸਮਾਨਤਾ ਅਤੇ ਕੁੜੀਆਂ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੀ ਲੋਹੜੀ ਪਾਉਣ ਨੂੰ ਉਹਨਾਂ ਨੇ ਇਕ ਪ੍ਰੇਰਣਾਦਾਇਕ ਕਦਮ ਦੱਸਿਆ। ਉਨ੍ਹਾਂ ਨੇ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਜਾ ਕੇ ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਅਤੇ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਲੋਕਾਂ ਨੂੰ ਇਸ ਮਹੱਤਵਪੂਰਨ ਮੁੱਦੇ ਤੇ ਜਾਗਰੂਕ ਕੀਤਾ।ਡਾਕਟਰ ਚੱਬੇਵਾਲ ਨੇ ਕਿਹਾ, “ਸਮਾਜ ਵਿੱਚ ਅਕਸਰ ਲੋਹੜੀ ਦੇ ਤਿਉਹਾਰ ਨੂੰ ਮੁੰਡਿਆਂ ਦੇ ਜਨਮ ਉਤਸਵ ਵਜੋਂ ਮੰਨਿਆ ਜਾਂਦਾ ਹੈ, ਪਰ ਇਹ ਸਮਾਂ ਹੈ ਕਿ ਅਸੀਂ ਕੁੜੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰੀਏ। ਜੇਕਰ ਕੁੜੀ ਨਹੀਂ ਹੋਵੇਗੀ ਤਾਂ ਸਮਾਜ ਦਾ ਅਧਾਰ ਕਿਵੇਂ ਬਣੇਗਾ?” ਇਸ ਦੌਰਾਨ ਉਨ੍ਹਾਂ ਨੇ ਕੁੜੀਆਂ ਦੇ ਜਨਮ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਨੂੰ ਸਿਖਿਆ, ਸਵਾਸਥ ਅਤੇ ਸੁਰੱਖਿਆ ਦੇ ਹੱਕ ਦਵਾਉਣ ਵੱਲ ਲੋਕਾਂ ਦਾ ਧਿਆਨ ਖਿੱਚਿਆ।ਉਹਨਾਂ ਨੇ ਕਿਹਾ ਕਿ ਇਹ ਕਦਮ ਸਿਰਫ ਕੁੜੀਆਂ ਪ੍ਰਤੀ ਸਮਾਜਕ ਦ੍ਰਿਸ਼ਟੀਕੋਣ ਬਦਲਣ ਦਾ ਕੰਮ ਹੀ ਨਹੀਂ ਕਰੇਗੀ, ਬਲਕਿ ਨਵੀਂ ਪੀੜ੍ਹੀ ਨੂੰ ਸਮਾਨਤਾ ਦੇ ਰਸਤੇ ’ਤੇ ਲੈ ਕੇ ਜਾਣ ਵਿੱਚ ਮਦਦਗਾਰ ਸਾਬਤ ਹੋਵੇਗੀ।ਇਸ ਮੌਕੇ ’ਤੇ ਡਾਕਟਰ ਚੱਬੇਵਾਲ ਨੇ ਜੰਡੋਲੀ ਦੀ ਰਿਸ਼ਿਕਾ ਜਸਵਾਲ ਦੇ ਨਿਊਜ਼ੀਲੈਂਡ ਦੀ ਅੰਡਰ 19 ਦੀ ਕ੍ਰਿਕਟ ਟੀਮ ‘ਚ ਚੁਣੇ ਜਾਣ ਦਾ ਉਦਾਹਰਣ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਬੱਚੇ ਨੂੰ ਸਮਾਨ ਮੌਕੇ ਦਿੰਦਿਆਂ ਉਨ੍ਹਾਂ ਦੀ ਸਿਖਿਆ ਤੇ ਵਿਕਾਸ ਲਈ ਯਤਨ ਕਰਣ। ਉਨ੍ਹਾਂ ਨੇ ਕਿਹਾ ਕਿ ਜਦੋਂ ਸਮਾਜ ਕੁੜੀਆਂ ਨੂੰ ਸਮਾਨ ਅਧਿਕਾਰ ਦੇਵੇਗਾ, ਉਦੋਂ ਹੀ ਅਸੀਂ ਇੱਕ ਪ੍ਰਗਤੀਸ਼ੀਲ ਪੰਜਾਬ ਅਤੇ ਭਾਰਤ ਦੀ ਕਲਪਨਾ ਕਰ ਸਕਾਂਗੇ।