ਸ੍ਰੀ ਅਨੰਦਪੁਰ ਸਾਹਿਬ (ਕੰਵਲਜੋਤ ਸਿੰਘ) : ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਤਿਗੁਰ ਓਟ ਆਸਰਾ ਟਰੱਸਟ (ਰਜਿ:) ਵੱਲੋਂ ਇਲਾਕੇ ਦੇ ਲੋੜਵੰਦ ਬੇਸਹਾਰਾ ਪਰਿਵਾਰਾਂ ਦੀ ਆਰਥਿਕ ਸਹਾਇਤਾ ਵੱਜੋਂ ਸੇਵਾ ਕੀਤੀ ਜਾਂਦੀ ਹੈ। ਪਿਛਲੇ ਲੰਬੇ ਸਮੇਂ ਤੋਂ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸੰਸਥਾ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਤਰਲੋਚਨ ਸਿੰਘ ਚੱਠਾ ਆਪਣੀ ਟੀਮ ਸਮੇਤ ਅਜਿਹੇ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਦਸਗਰਾਂਈ ਵਿਖੇ ਪਵਨ ਸਿੰਘ ਪੁੱਤਰ ਸਵਰਗੀ ਤਰਸੇਮ ਲਾਲ ਜੋ ਕਿ ਪਿਛਲੇ ਕੁਝ ਸਮੇਂ ਤੋਂ ਸਰੀਰਕ ਪੱਖੋਂ ਨਕਾਰਾ ਹੋ ਗਿਆ ਸੀ ਅਤੇ ਜਿਸ ਦੀ ਘਰ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਹੈ, ਨੂੰ ਸਤਿਗੁਰ ਓਟ ਆਸਰਾ ਟਰੱਸਟ (ਰਜਿ:) ਵੱਲੋਂ 11 ਹਜਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਸਬੰਧੀ ਗੱਲ ਕਰਦਿਆਂ ਪ੍ਰਧਾਨ ਤਰਲੋਚਨ ਸਿੰਘ ਚੱਠਾ ਨੇ ਦੱਸਿਆ ਕਿ ਪਵਨ ਸਿੰਘ ਦਸਗਰਾਈਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਸਮੇਂ ਤੋਂ ਦੁੱਖਾਂ ਦਾ ਕਹਿਰ ਉਸਦੇ ਪਰਿਵਾਰ ਤੇ ਛਾਇਆ ਹੋਇਆ ਹੈ। ਉਹਨਾਂ ਦੱਸਿਆ ਕਿ ਪਹਿਲਾਂ ਪਵਨ ਸਿੰਘ ਦਾ ਅੰਗੂਠਾ ਕੱਟ ਗਿਆ ਸੀ ਬਾਅਦ ਵਿੱਚ ਉਸਨੂੰ ਅਧਰੰਗ ਹੋ ਗਿਆ ਤੇ ਫਿਰ ਉਸ ਦੀ ਲੱਤ ਟੁੱਟ ਗਈ ਜਿਸ ਕਾਰਨ ਉਸ ਦੇ ਘਰ ਦੀ ਹਾਲਤ ਬੇਹੱਦ ਤਰਸਯੋਗ ਬਣ ਗਈ। ਪਵਨ ਸਿੰਘ ਦੀਆਂ ਤਿੰਨ ਧੀਆਂ ਸਕੂਲ ਵਿੱਚ ਪੜ੍ਹਦੀਆਂ ਹਨ ਅਤੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ।ਇਸ ਮੌਕੇ ਅਮਰਜੀਤ ਸਿੰਘ ਡਾਕਟਰ, ਜਸਪਾਲ ਸਿੰਘ ਪੰਮੀ, ਹਰਪਾਲ ਸਿੰਘ, ਡਾਕਟਰ ਮਨਜੀਤ ਸਿੰਘ, ਪਰਮਜੀਤ ਕੌਸ਼ਲ, ਧਰਮ ਸਿੰਘ ਨਿੱਕੂਵਾਲ, ਤਰਲੋਚਨ ਸਿੰਘ ਧਨੌਲਾ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।