ਲੁਧਿਆਣਾ : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਪਸ਼ੂ ਪ੍ਰਜਨਣ ਦੀ ਭਾਰਤੀ ਸੋਸਾਇਟੀ ਦੇ 39ਵੇਂ ਸਾਲਾਨਾ ਸੰਮੇਲਨ ਅਤੇ “ਪਸ਼ੂਧਨ ਦੀ ਪ੍ਰਜਨਣ ਸਮਰੱਥਾ ਨੂੰ ਵਧਾਉਣ ਵਿੱਚ ਚੁਣੌਤੀਆਂ: ਭਾਰਤੀ ਪਰਿਪੇਖ” ਵਿਸ਼ੇ` ਤੇ ਰਾਸ਼ਟਰੀ ਗੋਸ਼ਠੀ ਦਾ ਆਯੋਜਨ ਕੀਤਾ ਜਾ ਰਿਹਾ ਹੈ। 29 ਨਵੰਬਰ ਤੋਂ 1 ਦਸੰਬਰ 2024 ਤੱਕ ਚੱਲਣ ਵਾਲੇ ਇਸ ਸੰਮੇਲਨ ਦਾ ਉਦੇਸ਼ ਡੇਅਰੀ ਫਾਰਮਿੰਗ `ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਪਸ਼ੂਆਂ ਦੀ ਪ੍ਰਜਨਣ ਸਿਹਤ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਮੁੱਦਿਆਂ ਨੂੰ ਹੱਲ ਕਰਨਾ ਹੈ। ਇਸ ਵਿੱਚ ਡੇਅਰੀ ਉਦਯੋਗ ਵਿੱਚ ਸਮੁੱਚੀ ਉਤਪਾਦਕਤਾ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਲਈ ਪ੍ਰਜਨਣ ਤਕਨੀਕਾਂ ਵਿੱਚ ਸੁਧਾਰ, ਪ੍ਰਜਨਣ ਸਿਹਤ ਦਾ ਪ੍ਰਬੰਧਨ ਅਤੇ ਪਸ਼ੂਧਨ ਪ੍ਰਬੰਧਨ ਅਭਿਆਸਾਂ ਨੂੰ ਬਿਹਤਰ ਕਰਨ `ਤੇ ਧਿਆਨ ਕੇਂਦਰਿਤ ਕਰਨ ਵਾਲੇ ਵਿਸ਼ਿਆਂ `ਤੇ ਚਿੰਤਨ ਹੋਵੇਗਾ।
ਕਾਨਫਰੰਸ ਵਿੱਚ ਵੈਟਨਰੀ ਡਾਕਟਰਾਂ, ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਗਿਆਨ ਦੇ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਵਿਚਾਰ ਵਟਾਂਦਰਾ ਹੋਣ ਦੀ ਉਮੀਦ ਹੈ, ਜਿਸਦਾ ਉਦੇਸ਼ ਪਸ਼ੂਆਂ ਵਿੱਚ ਪ੍ਰਜਨਣ ਕੁਸ਼ਲਤਾ ਨੂੰ ਵਧਾਉਣ ਲਈ ਵਿਹਾਰਕ ਹੱਲ ਪ੍ਰਦਾਨ ਕਰਨਾ ਹੈ। ਭਾਈਵਾਲ ਧਿਰਾਂ ਵੈਟਨਰੀ ਵਿਗਿਆਨ ਅਤੇ ਪਸ਼ੂ ਪਾਲਣ ਵਿੱਚ ਉੱਭਰ ਰਹੇ ਰੁਝਾਨਾਂ ਬਾਰੇ ਨਵੀਂ ਸਮਝ ਗ੍ਰਹਿਣ ਕਰਨਗੇ ਜੋ ਦੇਸ਼ ਭਰ ਵਿੱਚ ਪਸ਼ੂਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਹਾਈ ਹੋਵੇਗੀ।
ਸੰਮੇਲਨ ਦੌਰਾਨ ਸਿੱਖਿਆ ਸ਼ਾਸਤਰੀਆਂ-ਉਦਯੋਗ-ਕਿਸਾਨਾਂ ਦਾ ਵਿਚਾਰ ਵਟਾਂਦਰਾ ਹੋਵੇਗਾ, ਜੋ ਕਿ ਵਿਗਿਆਨਕ ਖੋਜ ਅਤੇ ਵਿਹਾਰਕ ਖੇਤਰ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹੋਏ, ਹਿੱਸੇਦਾਰਾਂ ਦਰਮਿਆਨ ਸਿੱਧੀ ਚਰਚਾ ਦੀ ਸਹੂਲਤ ਦੇਵੇਗਾ।
ਇਸ ਸਮਾਗਮ ਵਿੱਚ ਪਤਵੰਤੇ ਮਹਿਮਾਨ ਸ਼ਿ਼ਰਕਤ ਕਰਨਗੇ। ਸ੍ਰੀ. ਰਾਹੁਲ ਭੰਡਾਰੀ, ਵਿੱਤ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ, ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਵਿਸ਼ੇਸ਼ ਮਹਿਮਾਨ, ਜਦਕਿ ਡਾ. ਗੁਰਸ਼ਰਨਜੀਤ ਸਿੰਘ ਬੇਦੀ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ ਪੰਜਾਬ ਪਤਵੰਤੇ ਮਹਿਮਾਨ ਹੋਣਗੇ।
ਇਸ ਸੰਮੇਲਨ ਦੇ ਮਾਧਿਅਮ ਰਾਹੀਂ ਵੈਟਨਰੀ ਯੂਨੀਵਰਸਿਟੀ, ਸਿੱਖਿਆ, ਖੋਜ ਅਤੇ ਅਭਿਆਸਾਂ ਨੂੰ ਅੱਗੇ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ ਤਾਂ ਜੋ ਪਸ਼ੂ ਪਾਲਕਾਂ ਨੂੰ ਲਾਭ ਪਹੁੰਚਾਉਂਦੇ ਹੋਏ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਸਮੁੱਚੇ ਵਿਕਾਸ ਵਿੱਚ ਨਿੱਗਰ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।