ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਪਿੰਡ ਕੱਕੋਂ ਦੀ ਪੰਚਾਇਤ ਨੇ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਅਤੇ ਇਸ ਨਾਲ ਪਿੰਡ ਦੇ ਨੌਜਵਾਨਾਂ ਦੇ ਭਵਿੱਖ ਤੇ ਪੈ ਰਹੇ ਨਕਾਸੀ ਪ੍ਰਭਾਵ ਨੂੰ ਦੇਖਦਿਆਂ ਇੱਕ ਵੱਡਾ ਅਤੇ ਕੜਾ ਫੈਸਲਾ ਲਿਆ ਹੈ। ਪੰਚਾਇਤ ਨੇ ਇਕਜੁੱਟ ਹੋ ਕੇ ਮਤਾ ਪਾਸ ਕੀਤਾ ਹੈ, ਜਿਸ ਮੁਤਾਬਕ ਨਸ਼ੇ ਦੇ ਕੇਸ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਦੀ ਪੰਚਾਇਤ ਵਲੋਂ ਕੋਈ ਜਮਾਨਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਨਸ਼ੇ ਵਿੱਚ ਸ਼ਾਮਲ ਵਿਅਕਤੀਆਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਨੂੰ ਸਮਾਜਿਕ ਤੌਰ ‘ਤੇ ਬਾਈਕਾਟ ਕੀਤਾ ਜਾਵੇਗਾ।ਇਸ ਫੈਸਲੇ ਦਾ ਉਦੇਸ਼ ਪਿੰਡ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਅਤੇ ਨੌਜਵਾਨਾਂ ਨੂੰ ਇਸ ਤਬਾਹੀ ਭਰੀ ਦਾਲਦਲ ਤੋਂ ਬਚਾਉਣਾ ਹੈ। ਪਿੰਡ ਦੀ ਸਰਪੰਚ ਅਨੀਤਾ ਰਾਣੀ ਦੀ ਅਗਵਾਈ ਵਿੱਚ ਲਿਆ ਗਿਆ ਇਹ ਫੈਸਲਾ ਪਿੰਡ ਵਾਸੀਆਂ ਅਤੇ ਸਮਾਜ ਲਈ ਇੱਕ ਸੂਚਕ ਕਦਮ ਹੈ।ਪਿੰਡ ਕੱਕੋਂ ਦੀ ਪੰਚਾਇਤ ਨੇ ਇਸ ਮਤੇ ਵਿੱਚ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮਤੇ ਵਿੱਚ ਮੋਜੂਦ ਸਾਰੇ ਪੰਚਾਂ, ਜਿਵੇਂ ਕਿ ਰੰਜੂ ਕੁਮਾਰੀ, ਕਰਮ ਸਿੰਘ, ਕੁਲਵਿੰਦਰ ਕੁਮਾਰ, ਜੀਵਨ ਕੌਰ ਅਤੇ ਪਰਮਜੀਤ ਕੌਰ ਨੇ ਆਪਣਾ ਸਪੋਰਟ ਦਿੱਤਾ। ਇਸ ਮਤੇ ਨੂੰ ਪਿੰਡ ਦੇ ਵਕੀਲ ਸ਼ਮਸ਼ੇਰ ਸਿੰਘ ਭਾਰਦਵਾਜ ਅਤੇ ਪੰਚਾਇਤ ਸਕੱਤਰ ਜਗਮੀਤ ਸਿੰਘ ਨੇ ਵੀ ਸਹਿਯੋਗ ਦਿੱਤਾ।
ਪੰਚਾਇਤ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਦੇ ਕੋਈ ਵਿਅਕਤੀ ਨਸ਼ਿਆਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ ਇਸ ਖਤਰਨਾਕ ਪ੍ਰਵ੍ਰਿਤੀ ਨੂੰ ਛੱਡਣ ਤੋਂ ਇਨਕਾਰ ਕਰੇਗਾ, ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਹਿਯੋਗੀ ਲੋਕਾਂ ਦੇ ਸਮਾਜਿਕ ਬਾਈਕਾਟ ਨਾਲ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਪਿੰਡ ਵਿੱਚ ਨਸ਼ਿਆਂ ਲਈ ਕੋਈ ਥਾਂ ਨਹੀਂ ਰਹੇਗੀ।ਇਸ ਮਤੇ ਪਾਸ ਹੋਣ ਤੋਂ ਬਾਅਦ ਪਿੰਡ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਿੰਡ ਵਾਸੀਆਂ ਨੇ ਇਸ ਕਦਮ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਨਸ਼ਿਆਂ ਦੇ ਵਿਰੁੱਧ ਲੜਾਈ ਨੂੰ ਸਫਲਤਾ ਮਿਲੇਗੀ ਅਤੇ ਪਿੰਡ ਦਾ ਮਾਹੌਲ ਸੁਧਰੇਗਾ।
ਪਿੰਡ ਕੱਕੋਂ ਦੀ ਪੰਚਾਇਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਿਰਫ ਪੰਚਾਇਤ ਨਹੀਂ, ਸਗੋਂ ਪੂਰੇ ਪਿੰਡ ਵਾਸੀਆਂ ਨੂੰ ਆਪਣੇ ਹਿੱਸੇ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਮਤਾ ਪਿੰਡ ਨੂੰ ਨਸ਼ਿਆਂ ਤੋਂ ਮੁਕਤ ਕਰਨ ਵੱਲ ਇਕ ਮਹੱਤਵਪੂਰਣ ਪੈਰਵੀਂ ਦੱਸਿਆ ਜਾ ਰਿਹਾ ਹੈ।