ਕਾਕੜਾ (ਜਗਸੀਰ ਲੌਂਗੋਵਾਲ ):ਅੱਜ ਸਰਕਾਰੀ ਹਾਈ ਸਕੂਲ,ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ ਅਤੇ ਸਕੂਲ ਅਧਿਆਪਕਾਂ ਦੇ ਸੱਦੇ ‘ਤੇ ਡਾ. ਇਕਬਾਲ ਸਿੰਘ ਸਕਰੌਦੀ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਮੇਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਸਮਾਂ ਹੀ ਸਭ ਤੋਂ ਵੱਡੀ ਦੌਲਤ ਹੈ। ਕੁਦਰਤ ਨੇ ਸਾਨੂੰ ਸਾਰਿਆਂ ਨੂੰ ਦਿਨ-ਰਾਤ ਦੇ 24 ਘੰਟੇ ਦਿੱਤੇ ਹਨ। ਇਨ੍ਹਾਂ ਚੌਵੀ ਘੰਟਿਆਂ ਦੀ ਸੁਚੱਜੀ ਵਿਉਂਤਬੰਦੀ ਕਰਨ ਵਾਲੇ ਵਿਦਿਆਰਥੀ ਜੀਵਨ ‘ਚ ਉੱਚੀਆਂ ਮੱਲਾਂ ਮਾਰਦੇ ਹਨ। ਉਨ੍ਹਾਂ ਮੈਕਸਿਮ ਗੋਰਕੀ ਦੀ ਟੁਕ ਦਾ ਜ਼ਿਕਰ ਕਰਦਿਆਂ ਕਿਹਾ ਕਿ “ਪੁਸਤਕਾਂ ਸੁੱਤੀਆਂ ਹੋਈਆਂ ਰਾਜਕੁਮਾਰੀਆਂ ਹੁੰਦੀਆਂ ਹਨ,ਇਹ ਜਿਸ ਦੇ ਜੀਵਨ ‘ਚ ਆ ਜਾਂਦੀਆਂ ਹਨ, ਉਸ ਨੂੰ ਰਾਜ ਭਾਗ ਦਿਵਾਉਂਦੀਆਂ ਹਨ,ਪੁਸਤਕਾਂ ਪੜ੍ਹਨ ਵਾਲ਼ਾ ਵਿਅਕਤੀ ਆਪਣੇ ਜੀਵਨ ‘ਚ ਕਈ ਜ਼ਿੰਦਗੀਆਂ ਜੀਅ ਲੈਂਦਾ ਹੈ। ਕਿਸੇ ਸਾਹਿਤਕਾਰ ਨੇ ਜਿਹੜੀ ਪੁਸਤਕ ਨੂੰ ਲਿਖਣ ਲਈ ਇੱਕ ਸਾਲ ਲਾਇਆ ਹੁੰਦਾ ਹੈ, ਉਸ ਨੂੰ ਅਸੀਂ ਚਾਰ- ਪੰਜ ਘੰਟਿਆਂ ਵਿੱਚ ਪੜ੍ਹ ਕੇ ਆਨੰਦ ਪ੍ਰਾਪਤੀ ਦੇ ਨਾਲ਼-ਨਾਲ਼ ਚੰਗੇਰੀ ਜੀਵਨ ਜਾਂਚ ਵੀ ਸਿੱਖ ਲੈਂਦੇ ਹਾਂ। ਉੱਤਮ ਸਾਹਿਤ ਉਹੀ ਹੈ, ਜਿਹੜਾ. ਵਿਦਿਆਰਥੀਆਂ ਦੇ ਵਿਵਹਾਰ ‘ਚ ਤਬਦੀਲੀ ਲੈ ਕੇ ਆਵੇ । ਇਸ ਸਮੇਂ ਗੂੰਜਨ ਚਾਵਲਾ ਨੇ ਬੱਚਿਆਂ ਨੂੰ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਲੈ ਕੇ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਜੀਤ ਕੌਰ, ਰਮਨਦੀਪ ਕੌਰ, ਦਵਿੰਦਰਪਾਲ ਸਿੰਘ, ਸੋਨੀਆ, ਆਸ਼ੂ ਰਾਣੀ, ਰੋਹਿਣੀ ਗਰਗ, ਬਲਵਿੰਦਰ ਕੌਰ, ਸੁਖਦੀਪ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।