ਰਾੜਾ ਸਾਹਿਬ : ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 358ਵਾਂ ਜਨਮ ਪ੍ਰਕਾਸ਼ ਦਿਹਾੜਾ ਸੰਤ ਬਾਬਾ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਜਾਏ ਦੋ ਦਿਨਾਂ ਗੁਰਮਤਿ ਸਮਾਗਮ ਦੌਰਾਨ 5 ਜਨਵਰੀ ਨੂੰ ਰਾਤਰੀ ਅਤੇ 6 ਜਨਵਰੀ ਨੂੰ ਦਿਨ ਦੇ ਦੀਵਾਨ ਦੌਰਾਨ ਮਹਾਂਪੁਰਖਾਂ ਨੇ ਕੀਰਤਨ ਵਿਖਿਆਨ ਕਰਦਿਆਂ ਜਿੱਥੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ। ਉਥੇ ਲਾਸਾਨੀ ਗੁਰਇਤਿਹਾਸ ਵੀ ਸੰਗਤਾਂ ਨਾਲ ਸਾਂਝਾ ਕੀਤਾ।ਇਸ ਸਮੇਂ ਸੰਪ੍ਰਦਾਇ ਰਾੜਾ ਸਾਹਿਬ ਦੇ ਹਜ਼ੂਰੀ ਰਾਗੀ ਜੱਥਿਆਂ ਵੱਲੋਂ ਵੀ ਕੀਰਤਨ ਵਿਖਿਆਨ ਕਰਕੇ ਹਾਜ਼ਰੀ ਭਰੀ ਗਈ। ਇਸ ਸ਼ੁੱਭ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੁੰਦਿਆਂ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ। ਇਸ ਮੌਕੇ ਭਾਈ ਮਨਬੀਰ ਸਿੰਘ ਨੇ ਅਗਲੇਰੇ ਸਮਾਗਮਾਂ ਸੰਬੰਧੀ ਜਾਣਕਾਰੀ ਦਿੱਤੀ।