ਸੰਗਰੂਰ(ਜਗਸੀਰ ਲੌਂਗੋਵਾਲ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ) ਵੱਲੋਂ ਸਰਦੀ ਰੁੱਤ ਵਿੱਚ ਪਸ਼ੂਧਨ ਦੀ ਦੇਖਭਾਲ ਬਾਰੇ ਪਿੰਡ ਖਨਾਲ ਖੁਰਦ ਵਿਖੇ ਇੱਕ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੇ 38 ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਅਜੈ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇਵੀਕੇ, ਮਾਨਸਾ/ ਸੰਗਰੂਰ ਨੇ ਦੱਸਿਆ ਕਿ ਪਸ਼ੂਆਂ ਨੂੰ ਸਰਦੀਆਂ ਵਿੱਚ ਰੱਜਵੇਂ ਪੱਠੇ ਪਾਉਣ ਦੇ ਨਾਲ-ਨਾਲ ਦਾਣਾ/ਵੰਡ ਜਾਂ ਵਧੇਰੇ ਖੁਰਾਕ ਪਾਉਣੀ ਪੈਂਦੀ ਹੈ, ਕਿਉਂਕਿ ਪਸ਼ੂਆਂ ਨੂੰ ਸਰਦੀਆਂ ਵਿੱਚ ਆਪਣੇ ਸ਼ਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ ਜੋ ਸਹੀ ਖੁਰਾਕ ਤੋਂ ਮਿਲਦੀ ਹੈ। ਉਨ੍ਹਾਂ ਦੱਸਿਆ ਕਿ 5 ਕਿੱਲੋ ਦੁੱਧ ਦੇਣ ਵਾਲੀ ਮੱਝ ਅਤੇ 7 ਕਿੱਲੋ ਦੁੱਧ ਦੇਣ ਵਾਲੀ ਗਾਂ ਨੂੰ 40 ਕਿੱਲੋ ਹਰਾ ਚਾਰਾ, 3 ਕਿੱਲੋ ਸੁੱਕਾ ਚਾਰਾ (ਤੂੜੀ ਆਦਿ), 2 ਕਿੱਲੋ ਫੀਡ ਅਤੇ 50 ਗ੍ਰਾਮ ਧਾਤਾਂ ਦਾ ਚੂਰਾ ਪਾਉਣਾ ਚਾਹੀਦਾ ਹੈ। ਇਸੇ ਤਰਾਂ ਵਧੇਰੇ ਦੁੱਧ ਦੇਣ ਵਾਲੀਆਂ ਗਾਂਵਾਂ, ਮੱਝਾਂ ਨੂੰ 40 ਤੋਂ 50 ਕਿੱਲੋ ਹਰਾ ਚਾਰਾ, 2-3 ਕਿੱਲੋ ਸੁੱਕਾ ਚਾਰਾ ਅਤੇ ਹਰ ਢਾਈ ਕਿੱਲੋ ਦੁੱਧ ਪਿੱਛੇ ਗਾਵਾਂ ਵਿੱਚ ਇੱਕ ਕਿੱਲੋ ਖੁਰਾਕ ਅਤੇ ਮੱਝਾਂ ਵਿੱਚ ਹਰ ਦੋ ਕਿੱਲੋ ਦੁੱਧ ਪਿੱਛੇ ਇੱਕ ਕਿੱਲੋ ਫੀਡ ਵਾਧੂ ਦੇਣਾ ਚਾਹੀਦਾ ਹੈ। ਨਾਲ ਹੀ ਧਾਤਾਂ ਦਾ ਚੂਰਾ 70 ਤੋਂ 100 ਗ੍ਰਾਮ ਤੱਕ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਰਦੀਆਂ ਵਿੱਚ ਸ਼ੀਤ ਹਵਾਵਾਂ ਦੇ ਅਸਰ ਨੂੰ ਘਟਾਉਣ ਲਈ ਧਿਆਨਯੋਗ ਨੁਕਤਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨਵਜੰਮੇ ਕੱਟੜੂਆਂ/ਵਛੜੂਆਂ ਦੀ ਠੰਡ ਤੋਂ ਬਚਾਅ ਰੱਖਣ ਬਾਬਤ ਅਹਿਮ ਜਾਣਕਾਰੀ ਦਿੱਤੀ।
ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇਵੀਕੇ , ਸੰਗਰੂਰ ਨੇ ਕਿਸਾਨ ਵੀਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਵੱਖ-ਵੱਖ ਪਸਾਰ ਗਤੀਵਿਧੀਆਂ ਅਤੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਣਕ ਅਤੇ ਸਰ੍ਹੋਂ ਵਿੱਚ ਖੇਤੀ ਇਨਪੁਟਸ ਦੀ ਸੁਯੋਗ ਵਰਤੋਂ ਬਾਰੇ ਵੀ ਦੱਸਿਆ ਅਤੇ ਕਿਸਾਨਾਂ ਨੂੰ ਲੋੜੋਂ ਵੱਧ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਪ੍ਰੋਗਰਾਮ ਦੇ ਅਖੀਰ ਵਿੱਚ ਕਿਸਾਨਾਂ ਨੂੰ ਪੀਏਯੂ ਦਾ ਖੇਤੀਬਾੜੀ ਸਾਹਿਤ, ਧਾਤਾਂ ਦਾ ਚੂਰਾ, ਪਸ਼ੂ ਚਾਟ ਅਤੇ ਬਾਈਪਾਸ ਫੈਟ ਆਦਿ ਮੁਹੱਈਆ ਕਰਵਾਏ ਗਏ। ਇਸ ਕੈਂਪ ਦੀ ਕਾਮਯਾਬੀ ਵਿੱਚ ਪਿੰਡ ਦੇ ਸਰਪੰਚ ਸ. ਸਤਨਾਮ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ।