ਦੇਸ਼ ਵੰਡ -ਕਤਲਾਮ ਬਾਰੇ ਜੰਮੂ ਕਸ਼ਮੀਰ ਵੱਸਦੇ ਲੇਖਕਾਂ ਦੀਆਂ ਕਹਾਣੀਆਂ “ 1947- ਤ੍ਰਾਸਦੀ” ਗੁਰਭਜਨ ਗਿੱਲ ਵੱਲੋਂ ਲੁਧਿਆਣੇ ਲੋਕ ਅਰਪਣ

Share and Enjoy !

Shares

ਲੁਧਿਆਣਾ : ਲੁਧਿਆਣਾ 8 ਨਵੰਬਰ 2024 – 1947 ਵੇਲੇ ਹੋਈ ਦੇਸ਼ ਵੰਡ ਬਾਰੇ ਜੰਮੂ ਕਸ਼ਮੀਰ ਖੇਤਰ ਵਿੱਚ ਲਿਖੀਆਂ ਦਿਲ-ਚੀਰਵੀਆਂ ਕਹਾਣੀਆਂ ਦਾ ਡਾ. ਕੁਸੁਮ ਵੱਲੋਂ ਸੰਪਾਦਿਤ ਸੰਗ੍ਰਹਿ “ 1947- ਤ੍ਰਾਸਦੀ” ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੋਕ ਅਰਪਣ ਕੀਤਾ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਉਪਰੰਤ ਦੂਜੀ ਕਾਪੀ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਕੌਮਾਂਤਰੀ ਚੇਅਰਮੈਨ ਸ਼੍ਰੀ ਕ ਕ ਬਾਵਾ ਜੀ ਨੂੰ ਭੇਂਟ ਕੀਤੀ। ਇਸ ਮੌਕੇ ਲਾਲ ਚੰਦ ਯਮਲਾ ਜੱਟ ਦੇ ਪੋਤਰੇ ਸੁਰੇਸ਼ ਯਮਲਾ ਜੱਟ, ਜਤਿਨ ਝੰਜੋਤਰਾ, ਅਰਜੁਨ ਬਾਵਾ ਤੇ ਸੰਜੇ ਕੁਮਾਰ ਵੀ ਹਾਜ਼ਰ ਸਨ। ਇਸ ਪੁਸਤਕ ਦਾ ਪ੍ਰਕਾਸ਼ਨ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ ਨੇ ਬੜੇ ਸੁੰਦਰ ਅੰਦਾਜ਼ ਵਿੱਚ ਕੀਤਾ ਹੈ।
ਇਸ ਪੁਸਤਕ ਦੀ ਸੰਪਾਦਕ ਗੌਰਮਿੰਟ ਡਿਗਰੀ ਕਾਲਿਜ ਬਿਸ਼ਨਾਹ( ਜੰਮੂ) ਵਿਖੇ ਪੰਜਾਬੀ ਵਿਭਾਗ ਵਿੱਚ ਪੜ੍ਹਾ ਰਹੀ ਡਾ. ਕੁਸੁਮ ਨੇ ਪੀ ਐੱਚ ਡੀ ਵੀ ਦੇਸ਼ ਵੰਡ ਦੁਖਾਂਤ ਬਾਰੇ ਜੰਮੂ ਯੂਨੀਵਰਸਿਟੀ ਤੋਂ ਡਾ. ਬਲਜੀਤ ਕੌਰ ਦੀ ਨਿਗਰਾਨੀ ਹੇਠ ਕੀਤੀ ਸੀ।
ਡਾ. ਕੁਸੁਮ ਨੇ ਦੱਸਿਆ ਕਿ ਇਨ੍ਹਾਂ ਕਹਾਣੀਆਂ ਨੂੰ ਸੰਪਾਦਿਤ ਕਰਨ ਦਾ ਮਨੋਰਥ ਉਸ ਪੀੜ ਦੀ ਨਿਸ਼ਾਨਦੇਹੀ ਕਰਨਾ ਹੈ ਜਿਸ ਦੇ ਜ਼ਖ਼ਮ ਅਜੇ ਵੀ ਰਿਸਦੇ ਹਨ। ਇਸ ਪੁਸਤਕ ਵਿੱਚ ਕੰਵਲ ਕਸ਼ਮੀਰੀ, ਖਾਲਿਦ ਹੁਸੈਨ, ਮਹਿੰਦਰ ਸਿੰਘ ਰਿਖੀ, ਸ਼ਰਨ ਸਿੰਘ, ਇੱਛੂਪਾਲ, ਬਲਜੀਤ ਸਿੰਘ ਰੈਣਾ, ਰਤਨ ਸਿੰਘ ਕੰਵਲ, ਰ ਸ ਰਾਜਨ, ਚੰਦ ਦੀਪਿਕਾ, ਸੁਰਿੰਦਰ ਸੀਰਤ, ਗੁਰਦੀਪ ਕੌਰ, ਪ੍ਰੋ. ਪ੍ਰੇਮ ਸਿੰਘ, ਰਸਵਿੰਦਰ ਕੌਰ, ਕਰਮ ਸਿੰਘ ਤਾਲਿਬ ਤੇ ਪ੍ਰੀਤਮ ਸਿੰਘ ਅਣਜਾਣ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਪ੍ਰੋ. ਗੁਰਭਜਨ ਸਿੰਘ ਗਿੱਲ ਵੇ ਕੀਹਾ ਕਿ ਦੇਸ਼ ਵੰਡ ਬਾਰੇ ਇਸ ਸੰਪਾਦਿਤ ਕਹਾਣੀ ਸੰਗ੍ਰਹਿ ਵਿੱਚੋਂ ਸਿੰਮਦਾ ਦਰਦ ਸਾਨੂੰ ਝੰਜੋੜਦਾ ਹੈ। ਦੇਸ਼ ਵੰਡਾਰੇ ਵੇਲੇ ਪੱਲੇ ਪਏ ਦਰਦਾਂ ਦੇ ਵਿਹੁ -ਵਲਿੱਸੇ ਕਿੱਸੇ ਜੋੜਾਂ ਦੀਆਂ ਪੀੜਾਂ ਵਾਂਗ ਟੱਸ ਟੱਸ ਕਰਦੇ ਹਨ ਅਤੇ ਅੱਜ ਵੀ ਸਾਡਾ ਪਿੱਛਾ ਕਰ ਰਹੇ ਹਨ। ਇਹ ਰੱਤ ਭਿੱਜੇ ਅਣਚਾਹੇ, ਅਣਚਿਤਵੇ ਕਹਿਰੀ ਤੇ ਜ਼ਾਲਮ ਵਰਕੇ ਹਨ ਜਿੰਨ੍ਹਾਂ ਸ਼ਾਮਲ ਹਰਫ਼ ਹਰਫ਼ ਅੱਜ ਵੀ ਦਰਦ ਨਾਲ ਕਰਾਹ ਰਿਹਾ ਹੈ। ਇਸ ਸੰਗ੍ਰਹਿ ਦੀ ਦਰਦ ਗਾਥਾ ਸਮੁੱਚੇ ਦੇਸ਼ -ਵੰਡ ਸਾਹਿੱਤ ਤੋਂ ਨਿਵੇਕਲੀ ਹੈ ਕਿਉਂਕਿ ਇਹ ਜੰਮੂ ਕਸ਼ਮੀਰ ਵੱਸਦੇ ਲੇਖਕਾਂ ਦੀਆਂ ਲਿਖਤਾਂ ਦਾ ਸੰਗ੍ਰਹਿ ਹੈ।
ਸ਼੍ਰੀ ਕ ਕ ਬਾਵਾ ਨੇ ਡਾ. ਕੁਸੁਮ ਨੂੰ ਆਸ਼ੀਰਵਾਦ ਦੇਦਿਆਂ ਕਿਹਾ ਕਿ 1947-ਤ੍ਰਾਸਦੀ ਦੇ ਸ਼ਿਕਾਰ ਲੋਕਾਂ ਨੂੰ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਇਸ ਪੁਸਤਕ ਨੂੰ ਵੱਧ ਤੋਂ ਵੱਧ ਸੰਵੇਦਨਸ਼ੀਲ ਪੰਜਾਬੀ ਪਾਠਕਾਂ ਤੀਕ ਪਹੁੰਚਾਈਏ ਤਾਂ ਜੋ ਇਨਸਾਨੀਅਤ ਦਾ ਕਤਲੇ-ਆਮ ਕਰਨ ਵਾਲੀਆਂ ਸ਼ਕਤੀਆਂ ਅੱਗੇ ਅਸੀਂ ਭਵਿੱਖ ਵਿੱਚ ਕਦੇ ਵੀ ਸ਼ਰਮਸਾਰ ਨਾ ਹੋਈਏ। ਸ਼੍ਰੀ ਬਾਵਾ ਜੀ ਨੇ ਡਾ. ਕੁਸੁਮ ਤੇ ਜਤਿਨ ਝੰਜੋਤਰਾ ਨੂੰ 11 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਲੋਹੜੀ ਮੇਲਾ-2025 ਦਾ ਸੱਦਾ ਪੱਤਰ ਗੱਚਕ, ਭੁੱਗਾ, ਮੁੰਗਫ਼ਲੀ ਤੇ ਰਿਉੜੀਆਂ ਦੀ ਗਾਗਰ ਭੇਂਟ ਕਰਕੇ ਦਿੱਤਾ।

About Post Author

Share and Enjoy !

Shares

Leave a Reply

Your email address will not be published. Required fields are marked *