– ਮਾਮਲਾ ਹਿਮਾਚਲ ਦੀ ਨਜਾਇਜ਼ ਸ਼ਰਾਬ ਪੰਜਾਬ ’ਚ ਮਹਿੰਗੇ ਭਾਅ ਵੇਚਣ ਦਾ
(ਰਵੀ ਕੁਮਾਰ/ਰਣਜੀਤ ਕਲਸੀ) ਫਿਲੌਰ।
ਹਿਮਾਚਲ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਮਹਿੰਗੀ ਵੇਚਣ ਦਾ ਧੰਦਾ ਕਰਨ ਵਾਲੇ ਫਰਜ਼ੀ ਪੱਤਰਕਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਕੋਲੋਂ ਦੋ ਪੇਟੀਆ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮੁਲਜ਼ਮ ਨੂੰ ਦੋ ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਫੜਿਆ ਤਾਂ ਪਹਿਲਾਂ ਤਾਂ ਉਸ ਨੇ ਪੁਲਿਸ ਨੂੰ ਪੱਤਰਕਾਰ ਹੋਣ ਦਾ ਝਾਂਸਾ ਦੇ ਦਿੱਤਾ।
ਡੀਐੱਸਪੀ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਿਸ ਪਾਰਟੀ ਮੁੱਖ ਮਾਰਗ ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਪੁਲਿਸ ਪਾਰਟੀ ਨੇ ਐਕਟਿਵਾ ਸਵਾਰ ਵਿਅਕਤੀ ਨੂੰ ਰੋਕ ਕੇ ਉਸ ਦੀ ਚੈਕਿੰਗ ਕਰਨ ਲੱਗੀ ਤਾਂ ਉਕਤ ਵਿਅਕਤੀ ਪੱਤਰਕਾਰੀ ਦੀ ਆਪਣੀ ਜਾਅਲੀ ਆਈਡੀ ਦੀ ਵਰਤੋਂ ਕਰਕੇ ਪੁਲਿਸ ਪਾਰਟੀ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ। ਕਾਰਡ ਦਿਖਾਉਂਦੇ ਹੋਏ ਉਸ ਨੇ ਆਪਣਾ ਨਾਮ ਪੱਤਰਕਾਰ ਮਨੀਸ਼ ਭਾਰਗਵ ਦੱਸਿਆ। ਪੁਲਿਸ ਬਿਨਾਂ ਕਿਸੇ ਕਾਰਨ ਸੜਕ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਰਹੀ ਹੈ। ਜਦੋਂ ਨਾਕਾ ਇੰਚਾਰਜ ਨੇ ਉਸ ਨੂੰ ਕਿਹਾ ਕਿ ਉਹ ਇਹ ਸਭ ਕੁਝ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਕਰ ਰਿਹਾ ਹੈ ਤੇ ਨਾਲ ਹੀ ਉਸ ਨੂੰ ਆਪਣੇ ਸਕੂਟਰ ਦੇ ਕਾਗਜ਼ਾਤ ਦਿਖਾਉਣ ਤੇ ਤਲਾਸ਼ੀ ਦੇਣ ਲਈ ਕਿਹਾ। ਪੁਲਿਸ ਨੇ ਸਕੂਟਰ ’ਚ ਰੱਖੇ ਬੈਗ ਦੀ ਜਾਂਚ ਕੀਤੀ ਤਾਂ ਉਸ ’ਚ ਹਿਮਾਚਲ ਦੀ ਬਣੀ ਨਾਜਾਇਜ਼ ਸ਼ਰਾਬ ਦੀਆਂ ਦੋ ਪੇਟੀਆ ਬਰਾਮਦ ਹੋਈਆ। ਸ਼ਰਾਬ ਬਰਾਮਦ ਹੁੰਦੇ ਹੀ ਫਰਜ਼ੀ ਪੱਤਰਕਾਰ ਪੁਲਿਸ ਨੂੰ ਮਿੰਨਤਾਂ ਕਰਨ ਲੱਗਾ। ਮਿੰਨਤਾਂ ਦਾ ਅਸਰ ਨਾ ਹੁੰਦਾ ਦੇਖ ਕੇ ਫਰਜ਼ੀ ਪੱਤਰਕਾਰ ਨੇ ਪੁਲਿਸ ਨੂੰ ਰਿਸ਼ਵਤ ਦੀ ਪੇਸ਼ਕਸ਼ ਵੀ ਕੀਤੀ।
ਡੀਐੱਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਮੁਨੀਸ਼ ਭਾਰਗਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਨਾਜਾਇਜ਼ ਸ਼ਰਾਬ ਦੀ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਸਵੇਰੇ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। ਹੁਣ ਤੱਕ ਮੁਲਜ਼ਮ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਹਿਮਾਚਲ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਲਿਆਉਂਦਾ ਸੀ ਤੇ ਇੱਥੇ ਮਹਿੰਗੇ ਭਾਅ ਵੇਚਦਾ ਸੀ।
ਜਿਵੇਂ ਹੀ ਸਥਾਨਕ ਪੁਲਿਸ ਨੇ ਫਰਜ਼ੀ ਪੱਤਰਕਾਰ ਮੁਨੀਸ਼ ਭਾਰਗਵ ਨੂੰ ਸ਼ਰਾਬ ਦੀ ਤਸਕਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਤਾਂ ਉਸ ਦੀ ਬਲੈਕਮੇਲਿੰਗ ਦੇ ਸ਼ਿਕਾਰ ਲੋਕ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ।