ਸਿੱਖ ਸੰਗਤ ਨੂੰ ਇਹਨਾਂ ਹਦਾਇਤਾਂ ਦੇ ਸਮੇਂ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ
ਚੰਡੀਗੜ੍ਹ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਅੱਜ ਸਿੱਖ ਮਰਿਆਦਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਾਜ਼ਾ ਹੁਕਮਾਂ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਪਿੱਛੇ ਵੱਡੀ ਸਾਜ਼ਿਸ਼ ਦਾ ਖਦਸ਼ਾ ਜਿਤਾਇਆ ਹੈ।
“ਹਾਲ ਹੀ ਦੇ ਦਿਨਾਂ ਵਿੱਚ, ਸਿੱਖਾਂ ਅਤੇ ਸਾਡੀ ਕਦਰਾਂ ਕੀਮਤਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ, ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਹਵਾਬਾਜ਼ੀ ਮੰਤਰਾਲੇ ਨੇ ਸਿੱਖ ਕਰਮਚਾਰੀਆਂ ਨੂੰ ਹਵਾਈ ਅੱਡਿਆਂ ‘ਤੇ ਕਿਰਪਾਨ ਨਾ ਪਹਿਨਣ ਦਾ ਹੁਕਮ ਦਿੱਤਾ, ਜਦਕਿ ਕਿਰਪਾਨ ਸਾਡੇ ਲਈ ਬਹੁਤ ਪਵਿੱਤਰ ਹੈ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਨੂੰ ਦਿੱਤੇ ਗਏ 5 ਪਾਵਨ ਕੱਕਾਰਾਂ ਵਿਚੋਂ ਇਕ ਹੈ।ਹੁਣ, ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸਿੱਖ ਔਰਤਾਂ ਵੀ ਦੋਪਹੀਆ ਵਾਹਨ ਤੇ ਸਫ਼ਰ ਕਰਨ ਸਮੇਂ ਹੈਲਮੇਟ ਪਾਉਣ, ਜੋਕਿ ਸਾਡੀ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਫੈਸਲਿਆਂ ਦੇ ਸਮੇਂ ‘ਤੇ ਸਵਾਲ ਵੀ ਉਠਾਉਣੇ ਚਾਹੀਦੇ ਹਨ! ਸਾਡੇ ਵਿਰੁੱਧ ਇਹ ਇੱਕ ਵੱਡੀ ਸਾਜ਼ਿਸ਼ ਹੈ। ਇੱਕ ਪਾਸੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਅਤੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ, ਇਹ ਤਾਨਾਸ਼ਾਹੀ ਫੈਸਲੇ ਲਗਾਤਾਰ ਲਏ ਜਾ ਰਹੇ ਹਨ। ਸਾਨੂੰ ਪੰਥ ਦੀ ਮਜ਼ਬੂਤੀ ਲਈ ਇਕੱਠੇ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈ, ਕਿਉਂਕਿ ਕੋਈ ਹੋਰ ਪਾਰਟੀ ਜਾਂ ਸੰਸਥਾ ਸਿੱਖਾਂ ਲਈ ਨਹੀਂ ਲੜ੍ਹਦੀ ਨਾਂ ਤਾਂ ਅੱਗੇ ਕਦੇ ਲੜੇਗੀ। ਝਿੰਜਰ ਨੇ ਜ਼ੋਰ ਦਿੱਤਾ, “ਸਾਡੇ ਧਰਮ ਅਤੇ ਭਾਈਚਾਰੇ ਦੀ ਖ਼ਾਤਰ, ਸਾਨੂੰ ਇਕੱਠੇ ਹੋਣਾ ਚਾਹੀਦਾ ਹੈ।” “ਕੋਈ ਹੋਰ ਪਾਰਟੀ ਜਾਂ ਸੰਸਥਾ ਸ਼੍ਰੋਮਣੀ ਅਕਾਲੀ ਦਲ ਵਾਂਗ ਸਿੱਖ ਹੱਕਾਂ ਦੀ ਵਕਾਲਤ ਨਹੀਂ ਕਰ ਸਕਦੀ। ਅਸੀਂ ਆਪਣੀ ਧਾਰਮਿਕ ਆਜ਼ਾਦੀ ਅਤੇ ਸੱਭਿਆਚਾਰਕ ਪਛਾਣ ਨੂੰ ਢਾਹ ਲਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਾਂਗੇ।” ਅਸੀਂ ਇਨ੍ਹਾਂ ਦੋਵਾਂ ਫੈਸਲਿਆਂ ਦਾ ਸਖ਼ਤ ਵਿਰੋਧ ਕਰਾਂਗੇ ਅਤੇ ਇਹ ਯਕੀਨੀ ਬਣਾਵਾਂਗੇ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ, ਝਿੰਜਰ ਨੇ ਅੰਤ ਵਿੱਚ ਕਿਹਾ।