ਬਦਤਮੀਜ਼ ਬੱਚੇ, ਦੁਖੀ ਮਾਪੇ……!
ਅੱਜ ਕੱਲ ਦੀ ਜਨਰੇਸ਼ਨ ਦੇ ਬੱਚੇ ਮਾਂ ਬਾਪ ਦੇ ਕਹਿਣੇ ਤੋਂ ਬਾਹਰ ਹੋ ਰਹੇ ਹਨ। ਇਹ ਪ੍ਰਵਿਰਤੀ ਜ਼ਿਆਦਾਤਰ ਘਰਾਂ ਵਿੱਚ ਵੇਖੀ ਜਾ ਰਹੀ ਹੈ ਕਿ ਜਦੋਂ ਮਾਪੇ ਬੱਚਿਆਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਬੱਚੇ ਇਸਨੂੰ ਆਪਣੀ ਆਜ਼ਾਦੀ ‘ਤੇ ਹੱਕਮਾਰੀ ਮੰਨਦੇ ਹਨ। ਬੱਚਿਆਂ ਨੂੰ ਇਹ ਲੱਗਦਾ ਹੈ ਕਿ ਮਾਪੇ ਉਨ੍ਹਾਂ ‘ਤੇ ਇੱਕ ਸਖ਼ਤ ਨਿਯਮਾਂ ਦੀ ਬੈਲਟ ਬੰਨ੍ਹ ਰਹੇ ਹਨ, ਜਿਵੇਂ ਉਹਨਾਂ ਨੂੰ ਕੈਦ ਕਰ ਰਹੇ ਹੋਣ। ਪਰ ਅਸਲ ਵਿੱਚ ਇਹ ਸਚ ਨਹੀਂ ਹੈ। ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਭਲਾ ਕਰਨ ਤੋਂ ਹਟਕੇ ਨਹੀਂ ਸੋਚਦੇ। ਉਹਨਾਂ ਦੀ ਹਰ ਇੱਕ ਗੱਲ ਵਿੱਚ ਬੱਚਿਆਂ ਲਈ ਪਿਆਰ ਅਤੇ ਸੁਰੱਖਿਆ ਹੁੰਦੀ ਹੈ। ਜਦੋਂ ਮਾਪੇ ਬੱਚਿਆਂ ਨੂੰ ਟੋਕਦੇ ਹਨ, ਤਾਂ ਇਹ ਸਿਰਫ਼ ਇਸ ਵਾਸਤੇ ਹੁੰਦਾ ਹੈ ਕਿ ਉਹਨਾਂ ਨੂੰ ਕਿਸੇ ਗਲਤ ਰਾਹ ‘ਤੇ ਜਾਣ ਤੋਂ ਰੋਕਿਆ ਜਾ ਸਕੇ। ਪਰ ਬੱਚੇ ਇਸਨੂੰ ਇੱਕ ਪਾਬੰਦੀ ਵਜੋਂ ਮੰਨਦੇ ਹਨ ਅਤੇ ਇਸਨੂੰ ਬਰਦਾਸ਼ਤ ਨਹੀਂ ਕਰਦੇ।
ਅੱਜ ਦੇ ਸਮੇਂ ਵਿੱਚ ਬੱਚਿਆਂ ਲਈ ਰਿਸ਼ਤੇਦਾਰੀਆਂ ਦੀ ਕਦਰ ਦਿਨੋਂ-ਦਿਨ ਘੱਟ ਰਹੀ ਹੈ। ਹੁਣ ਮੌਜੂਦਾ ਸਮੇਂ ਵਿੱਚ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਮਾਪੇ ਉਹਨਾਂ ਦੇ ਨੌਕਰ ਹਨ ਅਤੇ ਉਹਨਾਂ ਦੇ ਹਰ ਇੱਕ ਆਦੇਸ਼ ਨੂੰ ਪੂਰਾ ਕਰਨਾ ਮਾਪਿਆਂ ਦਾ ਫਰਜ ਹੈ। ਕਈ ਵਾਰ ਬੱਚੇ ਇਸ ਗੱਲ ਦੀ ਵੀ ਚਿੰਤਾ ਨਹੀਂ ਕਰਦੇ ਕਿ ਮਾਪਿਆਂ ਦੀ ਆਮਦਨ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੇ ਯੋਗ ਹੈ ਕਿ ਨਹੀਂ। ਇਹ ਇੱਕ ਨਕਾਰਾਤਮਕ ਸੋਚ ਹੈ ਜੋ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਦੇ ਵਿੱਚ ਬਹੁਤ ਵੱਧ ਰਹੀ ਹੈ। ਹਰੇਕ ਮਾਪੇ ਆਪਣੇ ਬੱਚਿਆਂ ਲਈ ਵਧੀਆ ਤੋਂ ਵਧੀਆ ਸਹੂਲਤਾਂ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਭਾਵੇਂ ਉਹਨਾਂ ਨੂੰ ਕਿੰਨੀ ਵੀ ਮਿਹਨਤ ਕਿਉਂ ਨਾ ਕਰਨੀ ਪਵੇ। ਪਰ ਬੱਚਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਉਹ ਮਾਪਿਆਂ ਦੀ ਕਦਰ ਕਰਨ ਦੀ ਬਜਾਏ, ਉਹਨਾਂ ਤੋਂ ਹੋਰ ਸਹੂਲਤਾਂ ਦੀ ਮੰਗਾਂ ਕਰਦੇ ਹਨ।
ਇਸ ਬਦਤਮੀਜ਼ ਅੰਦਾਜ਼ ਦਾ ਸਭ ਤੋਂ ਵੱਡਾ ਕਾਰਨ ਤਕਨੀਕੀ ਯੁਗ ਅਤੇ ਮੋਬਾਈਲ ਫੋਨਾਂ ਦੀ ਬੇਹਦ ਵਰਤੋਂ ਹੈ। ਅੱਜ ਦੇ ਬੱਚੇ ਮੋਬਾਈਲਾਂ ਤੇ ਸੋਸ਼ਲ ਮੀਡੀਆ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਹਨਾਂ ਨੂੰ ਹਕੀਕਤੀ ਰਿਸ਼ਤਿਆਂ ਦੀ ਮਹੱਤਤਾ ਦਾ ਅਹਿਸਾਸ ਹੀ ਨਹੀਂ ਹੁੰਦਾ। ਮਾਪੇ ਜਦੋਂ ਵੀ ਉਹਨਾਂ ਨੂੰ ਕੁੱਝ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਬੱਚੇ ਸਧਾਰਨ ਤੌਰ ਤੇ ਬਦਤਮੀਜ਼ੀ ਨਾਲ ਜਵਾਬ ਦੇਣ ਲੱਗਦੇ ਹਨ। ਮੋਬਾਈਲ ਤੇ ਟੀਵੀ ਦੇ ਆਧੁਨਿਕ ਪ੍ਰੋਗਰਾਮਾਂ ਨੇ ਬੱਚਿਆਂ ਨੂੰ ਇਸ ਕਦਰ ਗੁਲਾਮ ਬਣਾ ਦਿੱਤਾ ਹੈ ਕਿ ਉਹ ਅਸਲੀ ਜ਼ਿੰਦਗੀ ਦੇ ਮੁੱਲਾਂ ਅਤੇ ਰਿਸ਼ਤਿਆਂ ਨੂੰ ਅਣਡਿੱਠਾ ਕਰਨ ਲੱਗ ਪਏ ਹਨ। ਇਸ ਦਾ ਨਤੀਜਾ ਇਹ ਹੈ ਕਿ ਉਹਨਾ ਦੇ ਪਾਸ ਨਾ ਤਾਂ ਕੋਈ ਉੱਚੇ ਟੀਚੇ ਹਨ ਅਤੇ ਨਾ ਹੀ ਕਿਸੇ ਸਮਾਜਿਕ ਜ਼ਿੰਮੇਵਾਰੀ ਦੀ ਸਮਝ ਹੈ। ਅੱਜ ਦਾ ਟਕਨਾਲੋਜੀ ਜਗਤ, ਜਿਹੜਾ ਬੱਚਿਆਂ ਨੂੰ ਸਮਾਜਕ ਰਿਸ਼ਤਿਆਂ ਤੋਂ ਦੂਰ ਕਰ ਰਿਹਾ ਹੈ। ਮੋਬਾਈਲ ਅਤੇ ਸੋਸ਼ਲ ਮੀਡੀਆ ਦੇ ਵਧ ਰਹੇ ਪ੍ਰਭਾਵ ਨੇ ਬੱਚਿਆਂ ਦੇ ਵਿੱਚ ਸਬਰ ਅਤੇ ਸੰਵੇਦਨਾ ਜਿਹੇ ਗੁਣਾਂ ਨੂੰ ਖਤਮ ਕਰ ਦਿੱਤਾ ਹੈ। ਬੱਚੇ ਅਕਸਰ ਆਪਣੇ ਮਾਪਿਆਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਉਹਨਾਂ ਨਾਲ ਗੱਲਬਾਤ ਦੌਰਾਨ ਗਰਮ ਹੋ ਜਾਂਦੇ ਹਨ। ਇਸ ਵਿਵਹਾਰ ਦਾ ਇੱਕ ਹੋਰ ਕਾਰਨ ਬੱਚਿਆਂ ਦੀ ਸੋਸ਼ਲ ਮੀਡੀਆ ਦੇ ਨਾਲ ਬੇਪਨਾਹ ਲਗਾਅ ਹੈ। ਸੋਸ਼ਲ ਮੀਡੀਆ ਤੇ ਟੀਵੀ ਪ੍ਰੋਗਰਾਮ ਬੱਚਿਆਂ ਨੂੰ ਇਸ ਕਦਰ ਆਕਰਸ਼ਿਤ ਕਰ ਰਹੇ ਹਨ ਕਿ ਉਹਨਾਂ ਨੂੰ ਆਪਣੇ ਭਵਿੱਖ ਦੀ ਸੋਚ ਹੀ ਨਹੀਂ ਰਹੀ। ਉਹਨਾਂ ਨੂੰ ਸਿਰਫ਼ ਮੌਜ ਮਸਤੀ ਅਤੇ ਟਾਈਮ ਪਾਸ ਕਰਨਾ ਹੀ ਸਭ ਕੁਝ ਲੱਗਦਾ ਹੈ।
ਇਸ ਸਭ ਨਾਲ ਬੱਚਿਆਂ ਦੇ ਸੰਸਕਾਰਾਂ ਵਿੱਚ ਘਾਟ ਆ ਰਹੀ ਹੈ। ਅੱਜ ਦੇ ਬੱਚਿਆਂ ਲਈ ਪੜ੍ਹਾਈ ਅਤੇ ਸਿਖਲਾਈ ਦੀ ਮਹੱਤਤਾ ਘੱਟ ਰਹੀ ਹੈ। ਉਹ ਸਿਰਫ਼ ਆਪਣੀਆਂ ਛੋਟੀਆਂ-ਮੋਟੀਆਂ ਖੁਸ਼ੀਆਂ ‘ਤੇ ਜ਼ੋਰ ਦੇ ਰਹੇ ਹਨ। ਇਹਨਾਂ ਦੇ ਵਿੱਚ ਕੋਈ ਵੱਡਾ ਟਾਰਗੇਟ ਜਾਂ ਮਕਸਦ ਨਹੀਂ ਦਿੱਸਦਾ ਹੈ। ਉਹਨਾਂ ਨੂੰ ਆਪਣੇ ਭਵਿੱਖ ਦੀ ਕਦਰ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹਨਾਂ ਨੂੰ ਕਿਵੇਂ ਆਪਣੀ ਮੰਜ਼ਿਲ ਹਾਸਲ ਕਰਨੀ ਹੈ? ਮਾਪੇ, ਜੋ ਬੱਚਿਆਂ ਲਈ ਸਭ ਕੁਝ ਤਿਆਰ ਕਰਦੇ ਹਨ, ਉਹਨਾਂ ਨੂੰ ਇਹ ਗੱਲ ਵੱਧ ਦੁਖ ਦਿੰਦੀ ਹੈ ਕਿ ਬੱਚੇ ਉਨ੍ਹਾਂ ਦੀ ਮਿਹਨਤ ਨੂੰ ਸਮਝਣ ਦੀ ਬਜਾਏ, ਉਹਨਾਂ ਨਾਲ ਬਦਤਮੀਜ਼ੀ ਕਰਦੇ ਹਨ। ਜਦੋਂ ਮਾਪੇ ਕੁਝ ਨਹੀਂ ਕਰ ਸਕਦੇ, ਬੱਚੇ ਉਨ੍ਹਾਂ ਨੂੰ ਤੰਗ ਕਰਦੇ ਹਨ। ਜਿਵੇਂ, ਜਦੋਂ ਉਹਨਾਂ ਨਾਲ ਰਿਸ਼ਤੇਦਾਰਾਂ ਦੇ ਘਰ ਜਾਂ ਮਿਤਰਾਂ ਦੇ ਨਾਲ ਕੁਝ ਸਮਾਂ ਬਤੀਤ ਕਰਨਾ ਪਵੇ, ਬੱਚੇ ਬਾਰ-ਬਾਰ ਮਾਪਿਆਂ ਨੂੰ ਘਰ ਚਲਣ ਲਈ ਕਹਿੰਦੇ ਹਨ। ਇਸ ਤਰ੍ਹਾਂ ਬੱਚਿਆਂ ਦੇ ਵਿੱਚ ਮਿੱਤਰਤਾ ਅਤੇ ਸੰਜੋਗ ਦਾ ਅਹਿਸਾਸ ਖਤਮ ਹੁੰਦਾ ਜਾ ਰਿਹਾ ਹੈ।
ਮਾਪਿਆਂ ਨੂੰ ਬੱਚਿਆਂ ਦੀ ਇਨ੍ਹਾਂ ਗੱਲਾਂ ਨੇ ਹਤਾਸ਼ ਕਰ ਦਿੱਤਾ ਹੈ। ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਮਹੱਤਤਾ ਹੁੰਦੀ ਸੀ, ਪਰ ਅੱਜ ਦੇ ਬੱਚਿਆਂ ਵਿੱਚ ਇਹ ਮਹੱਤਤਾ ਖਤਮ ਹੁੰਦੀ ਜਾ ਰਹੀ ਹੈ। ਇਸ ਗੱਲ ਦਾ ਸਭ ਤੋਂ ਵੱਡਾ ਨੁਕਸਾਨ ਸਮਾਜ ਦੇ ਸਥਿਰ ਅਤੇ ਸੁਖਦਾਈ ਭਵਿੱਖ ਲਈ ਹੋਵੇਗਾ। ਜੇ ਅਸੀਂ ਅੱਜ ਬੱਚਿਆਂ ਦੇ ਵਿੱਚ ਇਹਨਾਂ ਨਕਾਰਾਤਮਕ ਗੁਣਾਂ ਨੂੰ ਨਜਰਅੰਦਾਜ਼ ਕਰਦੇ ਰਹੇ, ਤਾਂ ਆਉਣ ਵਾਲੇ ਸਮੇਂ ਵਿੱਚ ਸਮਾਜ ਦਾ ਵਿਗਾੜ ਤੈਅ ਹੈ। ਸਹਿਣਸ਼ੀਲਤਾ, ਮਿੱਤਰਤਾ, ਅਤੇ ਸੰਜੋਗ ਦੇ ਬਿਨਾਂ ਬੱਚੇ ਆਪਣੇ ਆਪ ਵਿੱਚ ਇੱਕ ਹਤਾਸ਼ ਜੀਵਨ ਵਾਲੀ ਜ਼ਿੰਦਗੀ ਜਿਉਣਗੇ। ਉਹ ਮਾਪਿਆਂ ਨਾਲ ਬਦਤਮੀਜ਼ ਹੋ ਕੇ ਆਪਣੀ ਜ਼ਿੰਦਗੀ ਦੀਆਂ ਵਡੀਆਂ ਮੁਸ਼ਕਲਾਂ ਨੂੰ ਨਾ ਸਮਝ ਪਾਉਣਗੇ ਅਤੇ ਬੇਸਮਝੀ ਨਾਲ ਆਪਣਾ ਭਵਿੱਖ ਖਰਾਬ ਕਰ ਲੈਣਗੇ। ਇਸ ਸਥਿਤੀ ਨੂੰ ਬਦਲਣ ਲਈ ਬਹੁਤ ਜ਼ਰੂਰੀ ਹੈ ਕਿ ਮਾਪੇ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਬੱਚਿਆਂ ਨੂੰ ਪਿਆਰ, ਇੱਜ਼ਤ ਅਤੇ ਸੰਸਕਾਰਾਂ ਦੀ ਸਿੱਖਿਆ ਦੇਣ। ਬੱਚਿਆਂ ਨੂੰ ਸਿਰਫ਼ ਮੋਬਾਈਲ ਅਤੇ ਗੈਜਟਾਂ ਦੇ ਨਜਾਇਜ਼ ਵਰਤੋਂ ਤੋਂ ਬਚਾਉਣਾ ਕਾਫ਼ੀ ਨਹੀਂ, ਬਲਕਿ ਉਹਨਾਂ ਦੇ ਅੰਦਰ ਸੰਸਕਾਰ ਅਤੇ ਇਨਸਾਨੀਅਤ ਦੇ ਗੁਣਾਂ ਨੂੰ ਪੈਦਾ ਕਰਨਾ ਬਹੁਤ ਜਰੂਰੀ ਹੈ।
ਸੰਦੀਪ ਕੁਮਾਰ-7009807121