ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਆਧੁਨਿਕ ਸਿਹਤ ਸੇਵਾਵਾਂ ਪਿੰਡ-ਪਿੰਡ ਪਹੁੰਚਾਉਣ ਦੀ ਆਪਣੀ ਸੋਚ ਸਦਕਾ ਹੁਸ਼ਿਆਰਪੁਰ ਸੰਸਦ ਮੈਂਬਰ ਡਾ ਰਾਜ ਕੁਮਾਰ ਅਤੇ ਚੱਬੇਵਾਲ ਵਿਧਾਇਕ ਡਾ ਇਸ਼ਾਂਕ ਕੁਮਾਰ ਦੁਆਰਾ ਹਲਕਾ ਚੱਬੇਵਾਲ ਦੇ ਪਿੰਡ ਬਾਹੋਵਾਲ ਵਿੱਚ ਆਮ ਆਦਮੀ ਕਲੀਨਿਕ (Health and Wellness Centre) ਦੀ ਸਥਾਪਨਾ ਲਈ 26 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ | ਇਸ ਰਾਸ਼ੀ ਦੇ ਨਾਲ ਬਾਹੋਵਾਲ ਵਿਚ ਆਮ ਆਦਮੀ ਕਲੀਨਿਕ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ । ਆਮ ਆਦਮੀ ਕਲੀਨਿਕ ਰਾਹੀਂ ਆਮ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜਾਰੀ ਕੀਤੀ ਗਈ ਇਸ ਗ੍ਰਾਂਟ ਨਾਲ ਇਹ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ | ਸਿਹਤ ਕੇਂਦਰ ਦੇ ਨਿਰਮਾਣ ਦੇ ਪਹਿਲੇ ਪੜਾਅ ਵਜੋਂ ਸਰਪੰਚ ਠੇਕੇਦਾਰ ਹਰਦੀਪ ਸਿੰਘ ਨੇ ਨੀਂਹ ਪੱਥਰ ਰੱਖਿਆ। ਉਹਨਾਂ ਨੇ ਕਿਹਾ ਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਅਤੇ ਚੱਬੇਵਾਲ ਵਿਧਾਇਕ ਡਾ. ਇਸ਼ਾਂਕ ਕੁਮਾਰ ਦੀ ਮਿਹਨਤ ਅਤੇ ਯਤਨਾਂ ਨਾਲ ਹੀ ਇਹ ਸੰਭਵ ਹੋਇਆ ਹੈ ਅਤੇ ਇਸ ਦੇ ਲਈ ਪਿੰਡ ਵਾਸੀ ਦਿਲੋਂ ਧੰਨਵਾਦੀ ਹਨ । ਇਸ ਮੌਕੇ ‘ਤੇ ਪਿੰਡ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਰਹੀ, ਜਿਸ ਵਿੱਚ ਪੰਚ ਸੁਖਵੀਰ ਕੌਰ, ਬਲਵੀਰ ਕੌਰ, ਮਮਤਾ ਰਾਣੀ, ਕਸਤੂਰੀ ਲਾਲ, ਨਰਿੰਦਰ ਕੌਰ, ਗੋਬਿੰਦਰ ਸਿੰਘ, ਸਾਬਕਾ ਸਰਪੰਚ ਦਲਜੀਤ ਕੌਰ, ਰਾਮ ਪ੍ਰਕਾਸ਼, ਸਤਨਾਮ ਸਿੰਘ ਅਤੇ ਨਿਰਮਲਾ ਦੇਵੀ ਆਦਿ ਸ਼ਾਮਲ ਸਨ। ਜਰਨੈਲ ਮੂਲਾ ਸਿੰਘ ਸਪੋਰਟਸ ਕਲੱਬ ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਇਸ ਮੌਕੇ ‘ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਸਾਰੀਆਂ ਨੇ ਆਸ ਜਾਹਿਰ ਕੀਤੀ ਕਿ ਇਹ ਸਿਹਤ ਕੇਂਦਰ ਪਿੰਡ ਦੇ ਵਸਨੀਕਾਂ ਲਈ ਆਧੁਨਿਕ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ, ਜਿਸ ਨਾਲ ਉਹਨਾਂ ਨੂੰ ਉੱਚ ਗੁਣਵੱਤਾ ਵਾਲੀ ਸਿਹਤ ਸੇਵਾਵਾਂ ਮਿਲਣਗੀਆਂ। ਇਸ ਮੌਕੇ ‘ਤੇ ਸਾਰੇ ਹਾਜ਼ਰੀਨਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਡਾ ਰਾਜ ਅਤੇ ਡਾ ਇਸ਼ਾਂਕ ਨੇ ਹਮੇਸ਼ਾ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਨੂੰ ਪੂਰਾ ਕਰਨ ਲਈ ਉਪਰਾਲਾ ਕੀਤਾ ਹੈ ਅਤੇ ਇਹ ਵੀ ਉਹਨਾਂ ਵਲੋਂ ਲੋਕ ਭਲਾਈ ਲਈ ਇੱਕ ਮਹੱਤਵਪੂਰਨ ਕਦਮ ਹੈ |