ਇਕਜੋਤ ਕੌਰ ਕੁਰੂਕਸ਼ੇਤਰ/ ਸੋਨੀਪਤ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਰਿਤੂ ਗਿੱਲ ਨੇ ਕਿਹਾ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵੀ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪਿਆਰ ਨਾਲ ਆਪਣੇ ਪਰਿਵਾਰ ਦੀ ਦੇਖਭਾਲ ਕਰੀਏ ਅਤੇ ਇੱਕ ਦੂਜੇ ਦਾ ਸਤਿਕਾਰ ਕਰੀਏ, ਤਾਂ ਹੀ ਸਾਡਾ ਘਰ ਇੱਕ ਮੰਦਰ ਬਣੇਗਾ। ਉਹ ਵਿਸ਼ਵ ਕਲਿਆਣ ਸਰੋਵਰ ਸੋਨੀਪਤ (ਦਿੱਲੀ ਜੋਨ) ਵੱਲੋਂ ਸਿਹਤਮੰਦ ਅਤੇ ਸਾਫ਼-ਸੁਥਰੇ ਸਮਾਜ ਲਈ ਅਧਿਆਤਮਿਕ ਸਸ਼ਕਤੀਕਰਨ ਵਿਸ਼ੇ ਤਹਿਤ ਕਰਵਾਏ ਗਏ ‘ਘਰ ਬਣੇ ਮੰਦਿਰ’ ਅਧਿਆਤਮਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਪਰਮਾਤਮ ਯਾਦਗਾਰੀ ਗੀਤ ਨਾਲ ਕੀਤੀ ਗਈ, ਜਦਕਿ ਮਹਿਮਾਨਾਂ ਦਾ ਤਿਲਕ ਅਤੇ ਫੁੱਲਾਂ ਦੇ ਬੁਕੇ ਨਾਲ ਸਵਾਗਤ ਕੀਤਾ ਗਿਆ। ਪ੍ਰੋਗਰਾਮ ਵਿੱਚ ਭੈਣ ਬ੍ਰਹਮਾਕੁਮਾਰੀ ਕਸ਼ਿਕਾ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਦੇ ਗੁਣਾਂ ਤੋਂ ਜਾਣੂ ਕਰਵਾਇਆ। ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਰਾਜਸਥਾਨ ਤੋਂ ਆਈ ਰਾਜਯੋਗਿਨੀ ਬ੍ਰਹਮਾਕੁਮਾਰੀ ਗੀਤਾ ਦੀਦੀ ਨੇ ਆਪਣੇ ਸੰਬੋਧਨ ਵਿਚ ਪਰਿਵਾਰ ਦੀ ਮਹੱਤਤਾ ‘ਤੇ ਵਿਸ਼ੇਸ਼ ਧਿਆਨ ਦੁਆਇਆ। ਉਨ੍ਹਾਂ ਸੱਸ ਅਤੇ ਨੂੰਹ ਨੂੰ ਇੱਕ-ਦੂਜੇ ਨਾਲ ਪਿਆਰ ਅਤੇ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ, ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਅਰਥ ਹੈ ਇੱਕ ਦੂਜੇ ਦੀ ਲੋੜ ਅਤੇ ਮਹੱਤਵ। ਅਸੀਂ ਪਰਿਵਾਰ ਵਿੱਚ ਪਿਆਰ ਨਾਲ ਰਹਿਣਾ ਹੈ। ਸੱਸ ਅਤੇ ਨੂੰਹ ਵਿੱਚ ਇੱਕ ਪੀੜ੍ਹੀ ਦਾ ਪਾੜਾ ਹੈ, ਇਸ ਲਈ ਕਿਸੇ ਨਵੀਂ ਤਸਵੀਰ ਨੂੰ ਪਹਿਲਾਂ ਤੋਂ ਪਰਿਭਾਸ਼ਿਤ ਫਰੇਮ ਵਿੱਚ ਫਿੱਟ ਕਰਨ ਲਈ ਬੇਲੋੜੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਸ ਨਾਲ ਝਗੜੇ ਵਧਣਗੇ। ਹਉਮੈ ਅਤੇ ਭਰਮ ਨੂੰ ਪਾਸੇ ਰੱਖ ਕੇ ਪਰਿਵਾਰ ਨੂੰ ਪਿਆਰ ਨਾਲ ਚਲਾਉਣਾ ਹੈ, ਘਰ ਨੂੰ ਮੰਦਰ ਵਰਗਾ ਨਹੀਂ, ਸਗੋਂ ਮੰਦਰ ਬਣਾਉਣਾ ਹੈ। ਵਿਸ਼ਵ ਕਲਿਆਣ ਸਰੋਵਰ ਸੋਨੀਪਤ ਦੇ ਪ੍ਰਬੰਧਕ ਬ੍ਰਹਮਕੁਮਾਰ ਸਤੀਸ਼ ਭਾਈ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। 400 ਦੇ ਕਰੀਬ ਉਤਸੁਕ ਭਰਾ-ਭੈਣਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ। ਸਟੇਜ ਦਾ ਸੰਚਾਲਨ ਬ੍ਰਹਮਾਕੁਮਾਰੀ ਸਾਕਸ਼ੀ ਭੈਣ ਨੇ ਕੀਤਾ।