ਲੋਹੀਆਂ ਖਾਸ : ਮਾ.ਪਰਮਿੰਦਰ ਸਿੰਘ ਪਨੇਸਰ ਦੇ ਹੱਥ 68-ਵੀਆਂ ਨੈਸ਼ਨਲ ਪੱਧਰੀ ਸਕੂਲ ਖੇਡਾਂ ਜੋ ਕਿ ਨਰਮਦਾਪੁਰਮ ਮੱਧ-ਪ੍ਰਦੇਸ਼ ਵਿਖੇ ਮਿਤੀ 17-ਤੋਂ 21-ਨਵੰਬਰ ਤੱਕ ਹੋਣ ਜਾ ਰਹੀਆਂ ਹਨ, ਚ ਪੰਜਾਬ ਦੀ ਅੰਡਰ-17 ਬੈਡਮਿੰਟਨ ਟੀਮ ਦੀ ਕਮਾਨ ਸੌਂਪੀ ਗਈ। ਅਮਨਦੀਪ ਕੌਂਡਲ (ਸਟੇਟ ਅਵਾਰਡੀ) ਜਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀਐਮ ਸਪੋਰਟਸ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਪਰਮਿੰਦਰ ਸਿੰਘ ਪਨੇਸਰ ਪਿਛਲੇ ਲੰਮੇ ਸਮੇਂ ਤੋਂ ਬੈਡਮਿੰਟਨ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਜਿੱਥੇ ਉਹ ਖੁਦ ਬੈਡਮਿੰਟਨ ਦੇ ਇੱਕ ਵਧੀਆ ਖਿਡਾਰੀ ਹਨ, ਉੱਥੇ ਨਾਲ ਹੀ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਇੱਕ ਸਰਟੀਫਾਈਡ ਐੱਨ.ਆਈ.ਐੱਸ. ਕੋਚ ਵੀ ਹਨ ਅਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਆਥੋਰਾਇਜ਼ਡ ਅੰਪਾਇਰ ਵੀ ਹਨ। ਅਕਤੂਬਰ-24 ਵਿੱਚ ਹੋਏ ਸਟੇਟ ਪੱਧਰੀ ਬੈਡਮਿੰਟਨ ਟੂਰਨਾਮੈਂਟ ਮੋਹਾਲੀ ਵਿਖੇ ਵੀ ਉਹਨਾਂ ਦੀ ਕੋਚਿੰਗ ਹੇਠ ਜ਼ਿਲਾ-ਜਲੰਧਰ ਦੀ ਅੰਡਰ-17 ਦੀ ਟੀਮ ਨੇ ਸਿਲਵਰ ਮੈਡਲ ਜਿੱਤਿਆ।
ਫਿਰ ਜਲੰਧਰ ਵਿਖੇ ਪੰਜਾਬ ਭਰ ਤੋਂ ਆਏ ਅੰਡਰ-17 ਤੇ ਅੰਡਰ-19 ਦੇ ਚੋਟੀ ਦੇ ਖਿਡਾਰੀਆਂ ਦੇ ਟਰਾਇਲ ਲੈਣ ਲਈ ਵੀ ਉਹਨਾਂ ਦੀ ਚੋਣ ਬਤੌਰ ਸਿਲੈਕਟਰ ਕੀਤੀ ਗਈ। ਉਪਰੰਤ ਮਲੇਰਕੋਟਲਾ ਵਿਖੇ ਅੰਡਰ-14 ਦੇ ਸਟੇਟ ਪੱਧਰੀ ਬੈਡਮਿੰਟਨ ਟੂਰਨਾਮੈਂਟ ਚ ਲਗਾਈ ਬਤੌਰ ਕੋਚ ਦੀ ਡਿਊਟੀ ਦੌਰਾਨ ਹੀ ਜਲੰਧਰ ਦੀ ਟੀਮ ਨੇ ਸਿਲਵਰ ਮੈਡਲ ਵੀ ਜਿੱਤਿਆ, ਤੇ ਇੱਥੇ ਵੀ ਡਿਪਟੀ ਡਾਇਰੈਕਟਰ ਆਫ ਸਪੋਰਟਸ, ਪੰਜਾਬ ਸਿੱਖਿਆ ਵਿਭਾਗ ਵੱਲੋਂ ਬਤੌਰ ਸਿਲੈਕਟਰ ਵੀ ਸੇਵਾਵਾਂ ਨਿਭਾਈਆਂ ਤੇ ਆਉਣ ਵਾਲੀ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਪੰਜਾਬ ਦੀ ਬਣਨ ਵਾਲੀ ਟੀਮ ਦੀ ਚੋਣ ਕਰਨ ਵਿੱਚ ਯੋਗਦਾਨ ਪਾਇਆ। ਉਪਰੋਕਤ ਸਾਰੀਆਂ ਡਿਊਟੀਆਂ ਜਿਸ ਵਿੱਚ ਜ਼ਿਲਾ ਸਿੱਖਿਆ ਅਫਸਰ ਜਲੰਧਰ ਵੱਲੋਂ ਬਤੌਰ ਕੋਚ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਗਾਈ ਸਿਲੈਕਟਰ ਦੀਆਂ ਡਿਊਟੀਆਂ ਦੌਰਾਨ ਕੀਤੀ ਵਧੀਆ ਕਾਰਗੁਜ਼ਾਰੀ ਦੇ ਮੱਦੇਨਜ਼ਰ ਹੀ ਸਿੱਖਿਆ ਵਿਭਾਗ ਵੱਲੋਂ ਉਹਨਾਂ ਨੂੰ ਪੰਜਾਬ ਦੀ ਅੰਡਰ-17 ਦੀ ਬੈਡਮਿੰਟਨ ਟੀਮ ਦੇ ਨਾਲ ਇੰਚਾਰਜ ਬਣਾ ਕੇ ਭੇਜਿਆ ਜਾ ਰਿਹਾ ਹੈ। ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਦੇ ਕਾਰਣ ਸਾਰੇ ਹੀ ਪਰਿਵਾਰ,ਦੋਸਤਾਂ ਮਿੱਤਰਾਂ ਤੇ ਸਮੁੱਚੇ ਅਧਿਆਪਕ ਵਰਗ ਵਿੱਚ ਖੁਸ਼ੀਆਂ ਭਰਿਆ ਮਹੌਲ ਹੈ ਤੇ ਸਾਰੇ ਪਾਸਿਓਂ ਵਧਾਈਆਂ ਮਿਲਣ ਦਾ ਸਿਲਸਿਲਾ ਬਾ-ਦਸਤੂਰ ਜਾਰੀ ਹੈ। ਇਸੇ ਲੜੀ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਰਮੇਸ਼ਵਰ ਚੰਦਰ ਸ਼ਰਮਾ, ਸੀ ਐੱਚ ਟੀ ਨਿਰਮਲ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਵੀ ਮਾ.ਪਰਮਿੰਦਰ ਸਿੰਘ ਜੀ ਨੂੰ ਵਧਾਈਆਂ ਤੇ ਜਿੱਤ ਪ੍ਰਾਪਤ ਕਰਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ।