ਸੰਗਰੂਰ (ਜਗਸੀਰ ਲੌਂਗੋਵਾਲ): ਤਰਕਸ਼ੀਲ਼ ਸੁਸਾਇਟੀ ਪੰਜਾਬ ਵਲੋਂ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ ਜੋਨ ਵਿੱਚ ਤੇ ਇਕਾਈ ਦੀ ਮੈਰਿਟ ਸੂਚੀ ਵਿੱਚ ਅਹਿਮ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਅੱਜ ਪਾਰੁਲ ਪੈਲੇਸ ਸੰਗਰੂਰ ਵਿਖੇ ਰੱਖਿਆ ਸਨਮਾਨ ਸਮਾਰੋਹ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਦੀ ਅਗਵਾਈ ਤੇ ਸਮੂਚੀ ਸਥਾਨਕ ਇਕਾਈ ਦੇ ਸਹਿਯੋਗ ਨਾਲ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ।ਇਸ ਵਿਚ ਇਕਾਈ ਦੇ ਵੱਖ ਵੱਖ ਥਾਵਾਂ/ਸਕੂਲਾਂ ਤੋਂ ਵੱਡੀ ਗਿਣਤੀ ਵਿਚ ਤਰਕਸ਼ੀਲ਼ ਕਾਰਕੁੰਨਾਂ,ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂਤੇ ਸਹਿਯੋਗੀਆਂ ਨੇ ਸ਼ਮੂਲੀਅਤ ਕੀਤੀ। ਇਕਾਈ ਮੁਖੀ ਸੁਰਿੰਦਰ ਪਾਲ ਤੇ ਤਰਕਸ਼ੀਲ ਆਗੂ ਸੀਤਾ ਰਾਮ ਬਾਲਦ ਕਲਾਂ ਵੱਲੋਂ ਹਾਜ਼ਰੀਨ ਦਾ ਸਵਾਗਤ ਕਰਨ ਉਪਰੰਤ ਇਸ ਸਮਾਗਮ ਦੇ ਮੁੱਖ ਬੁਲਾਰੇ ਸਾਹਿਤਕਾਰ ,ਡੂੰਘੇ ਚਿੰਤਕ ਤੇ ਵਿਦਵਾਨ ਰਾਜਿੰਦਰ ਪਾਲ ਸਿੰਘ ਬਰਾੜ ਸੇਵਾ ਮੁਕਤ ਪ੍ਰੋਫੈਸਰ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਿਆ ਨੀਤੀ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਿਲ ਹਨ ਜੋ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਤੋਂ ਵਾਂਝੇ ਕਰਦੇ ਹਨ। ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਚੇਤਨਾ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਜਿਸਦਾ ਇਕ ਰੂਪ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਹੈ। ਉਨ੍ਹਾਂ ਕਿਹਾ ਵਿਗਿਆਨਕ ਸੋਚ ਅਪਣਾ ਕੇ ਵਿਦਿਆਰਥੀ ਆਪਣਾ ਬਹੁ ਪੱਖੀ ਵਿਕਾਸ ਕਰ ਸਕਦੇ ਹਨ, ਉਨ੍ਹਾਂ ਤਰਕਸ਼ੀਲ ਸੁਸਾਇਟੀ ਪੰਜਾਬ ਕੰਮ ਕਰਦਿਆਂ ਹਲ ਕੀਤੇ ਕੁੱਝ ਕੇਸਾਂ ਦੀ ਵਿਆਖਿਆ ਵੀ ਕੀਤੀ। ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਵੀ ਚੇਤਨਾ ਪਰਖ਼ ਪ੍ਰੀਖਿਆ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ ਭੂਟਾਲ ਨੇ ਵੀ ਵਿਗਿਆਨਕ ਵਿਚਾਰਾਂ ਅਪਨਾਉਣ ਦਾ ਸੁਨੇਹਾ ਦਿੱਤਾ ਤੇ ਤਰਕਸ਼ੀਲ ਸੁਸਾਇਟੀ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਪਿਛਲੇ ਛੇ ਸਾਲਾਂ ਤੋਂ ਕਰਵਾਈ ਜਾ ਰਹੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਮਕਸਦ ਅਤੇ ਵਿਗਿਆਨਕ ਚੇਤਨਾ ਲਈ ਕੀਤੇ ਜਾ ਰਹੇ ਸੁਹਿਰਦ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਇਕਾਈ ਸੰਗਰੂਰ ਦੀ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਾਰੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕਰਦਿਆਂ, ਨਛੱਤਰ ਸਿੰਘ ਬਦੇਸ਼ਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਆਪਣੀ ਮਾਤਾ ਦੀ ਯਾਦ ਵਿੱਚ ਇਕਾਈ ਸੰਗਰੂਰ ਦਾ ਕਨੇਡਾ ਤੋਂ ਹਰ ਸਾਲ ਵਿਸ਼ੇਸ਼ ਆਰਥਿਕ ਸਹਿਯੋਗ ਕਰਦੇ ਹਨ। ਇਸ ਮੌਕੇ ਇਕਾਈ ਪੱਧਰ ਤੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਮੋਹਰੀ ਸਥਾਨ ਹਾਸਿਲ ਕਰਨ ਵਾਲੇ ਮਿਡਲ ਗਰੁੱਪ ਦੇ 45 ਅਤੇ ਸੈਕੰਡਰੀ ਗਰੁੱਪ ਦੇ 65 ਵਿਦਿਆਰਥੀਆਂ ਤੇ ਜੋਨ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ 5 ਵਿਦਿਆਰਥੀਆਂ ਨੂੰ ਤਰਕਸ਼ੀਲ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ,ਮੈਡਲ,ਪੜ੍ਹਨ ਸਮੱਗਰੀ ਅਤੇ ਸਨਮਾਨ ਪੱਤਰ ਦੇ ਕੇ ਤੇ ਲਗਭਗ 50 ਸਹਿਯੋਗੀ ਸਕੂਲ ਮੁਖੀਆਂ , ਅਧਿਆਪਕਾਂ ਤੇ ਸਹਿਯੋਗੀਆਂ ਨੂੰ ਵਧੀਆ ਮਨੁੱਖੀ ਗੁਣਾਂ ਤੇ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸ਼ੁਭਪ੍ਰੀਤ ਸਿੰਘ ਗੰਢੂਆਂ, ਸੁਲਤਾਨ ਖਾਂ ਤੁੰਗਾਂ, ਪ੍ਰਿੰਸੀਪਲ ਹਰਦੇਵ ਕੁਮਾਰ ਤੇ ਪਰਮਜੀਤ ਕੌਰ ਨੇ ਇਨਕਲਾਬੀ ਗੀਤ/ ਕਵਿਤਾਵਾਂ ਪੇਸ਼ ਕੀਤੇ।ਮਹਿਲਾਂ ਸਕੂਲ ਦੀਆਂ ਵਿਦਿਆਰਥਣਾਂ ਨਵਜੋਤ ਕੌਰ,ਮਹਿਕ ,ਪਵਨ , ਭਵਾਨੀਗੜ ਸਕੂਲ ਦੀਆਂ ਵਿਦਿਆਰਥਣਾਂ ਸੁਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ ਤੇ ਬਚਪਨ ਇੰਗਲਿਸ਼ ਸਕੂਲ ਦੇ ਵਿਦਿਆਰਥੀ ਸਾਹਿਲ ਤਿਵਾੜੀ ਨੇ ਤਰਕਸ਼ੀਲਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।ਤਰਕਸ਼ੀਲ਼ ਆਗੂ ਜਗਦੇਵ ਕੰਮੋਮਾਜਰਾ ਨੇ ਜਾਦੂ ਸ਼ੋਅ ਵਿੱਚ ਹੱਥ ਦੀ ਸਫਾਈ ਦੀਆਂ ਟਰਿੱਕਾਂ ਨਾਲ ਵਿਗਿਆਨਕ ਸੋਚ ਦਾ ਚਾਨਣ ਵਖੇਰਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ ਤੇ ਗੁਰਦੀਪ ਸਿੰਘ ਲਹਿਰਾ ਨੇ ਬਾਖੂਬੀ ਨਿਭਾਈ । ਪ੍ਰੋਗ੍ਰਾਮ ਦੀ ਸਮਾਪਤੀ ਮੌਕੇ ਮਾਸਟਰ ਪਰਮਵੇਦ ਤੇ ਸੁਰਿੰਦਰ ਪਾਲ ਵਲੋਂ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ , ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਿੰਸੀਪਲ ਨਵਰਾਜ,ਪ੍ਰਿੰਸੀਪਲ ਹਰਦੇਵ ਕੁਮਾਰ , ਪ੍ਰਿੰਸੀਪਲ ਅਮਰੀਕ ਖੋਖਰ,ਪ੍ਰਿੰਸੀਪਲ ਹਰਦੇਵ ਸਿੰਘ, ਪ੍ਰਿੰਸੀਪਲ ਪ੍ਰਵੀਨ ਮਨਚੰਦਾ,ਮਾਸਟਰ ਅਵਿਨਾਸ਼ ਸ਼ਰਮਾ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਉਪਰੋਕਤ ਤੋਂ ਇਲਾਵਾ ਇਕਾਈ ਸੰਗਰੂਰ ਦੇ ਪਰਮਜੀਤ ਕੌਰ, ਵਨੀਤਾ ਰਾਣੀ , ਦੇਵਿੰਦਰ ਕੌਰ,ਸੁਨੀਤਾ ਰਾਣੀ, ਇਕਬਾਲ ਕੌਰ, ਪ੍ਰਗਟ ਸਿੰਘ ਬਾਲੀਆਂ,ਮਾਸਟਰ ਰਣਜੀਤ ਸਿੰਘ,ਗੁਰਜੰਟ ਸਿੰਘ, ਕਰਤਾਰ ਸਿੰਘ,ਪ੍ਰਗਟ ਸਿੰਘ ਆਧਾਰਿਤ ਸਮੂਚੀ ਟੀਮ ਨੇ ਸ਼ਮੂਲੀਅਤ ਕੀਤੀ