ਲੁਧਿਆਣਾ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਸੈਲਫ ਹੈਲਪ ਗਰੁੱਪ ਦੇ ‘ਕਪੜੇ ਦੇ ਥੈਲੇ’ ਵਾਲੇ ਆਊਟਲੈਟ ਦਾ ਉਦਘਾਟਨ ਕੀਤਾ। ਸਮੂਹ ਮੈਂਬਰਾਂ ਵਲੋਂ ਕੀਤੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਔਰਤਾਂ ਨੂੰ ਰੋਜ਼ੀ-ਰੋਟੀ ਦੇ ਬਿਹਤਰ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਡੀ.ਆਰ.ਡੀ.ਏ. ਹੁਨਰ ਵਿਕਾਸ ਕੇਂਦਰ ਵਿੱਚ ਸਿਖਲਾਈ ਦਿੱਤੀ ਗਈ ਸੀ ਅਤੇ ਕਪੜੇ ਦੇ ਥੈਲੇ ਬਣਾਉਣ ਲਈ ਕੱਚਾ ਮਾਲ ਜ਼ਿਲ੍ਹੇ ਦੇ ਵੱਖ-ਵੱਖ ਉਦਯੋਗਾਂ ਦੁਆਰਾ ਮੁਫ਼ਤ ਮੁਹੱਈਆ ਕਰਵਾਇਆ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਆਊਟਲੈਟ ਤੋਂ ਵਾਤਾਵਰਨ ਪੱਖੀ ਅਤੇ ਸਸਤੇ ਕੱਪੜੇ ਦੇ ਥੈਲੇ ਖਰੀਦਣ ਜਿਸ ਨਾਲ ਜਿੱਥੇ ਸੈਲਫ ਹੈਲਪ ਗਰੁੱਪਾਂ ਨੂੰ ਵਿੱਤੀ ਸਹਾਇਤਾ ਮਿਲੇਗੀ ਉੱਥੇ ਹੋਰ ਔਰਤਾਂ ਸਵੈ-ਨਿਰਭਰ ਬਣਨ ਲਈ ਪ੍ਰੇਰਿਤ ਹੋਣਗੀਆਂ। ਉਨ੍ਹਾਂ ਵਾਤਾਵਰਨ ਲਈ ਘਾਤਕ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ ਤੋਂ ਵੀ ਗੁਰੇਜ਼ ਕਰਨ ‘ਤੇ ਜੋਰ ਦਿੱਤਾ ਅਤੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ।