ਰਕਬਾ ਵਿਖੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਮੁੱਲਾਪੁਰ : ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਰਕਬਾ,ਜ਼ਿਲਾ ਲੁਧਿਆਣਾ ਵਿਖੇ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਕਬਾ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ। ਇਸ ਮੌਕੇ ਵਿਲੱਖਣ ਗੱਲ ਕਿ ਨਗਰ ਕੀਰਤਨ ਦੀ ਅਗਵਾਹੀ ਕਾਰਨ ਵਾਲੇ ਪੰਜ ਪਿਆਰੇ ਅਤੇ ਚਾਰ ਸਾਹਿਬਜ਼ਾਦਿਆਂ ਦੀ ਸੇਵਾ ਵੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਨਿਭਾਈ । ਨਗਰ ਕੀਰਤਨ ਵਿੱਚ ਕੇਸਰੀ ਨਿਸ਼ਾਨ ਦੀਆਂ ਪੱਗਾਂ ਅਤੇ ਚੁੰਨੀਆਂ ਦਾ ਦਿਲ ਨੂੰ ਟੁੰਬਣ ਵਾਲਾ ਦਰਸ ਸੀ। ਉੱਥੇ ਹੀ ਸਟੇਜ ਸੰਚਾਲਕ ਦੀ ਸੇਵਾ ਵੀ ਸਕੂਲ ਦੀਆਂ ਧੀਆਂ ਵੱਲੋਂ ਨਿਭਾਈ ਗਈ। ਜਦਕਿ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ, ਕਵੀਸ਼ਰੀ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਧਾਰਮਿਕ ਕੋਰੋਗਰਾਫੀਆਂ ਵੀ ਕੀਤੀਆਂ ਗਈਆਂ। ਉਥੇ ਹੀ ਵਿਦਿਆਰਥੀਆਂ ਵੱਲੋਂ ਜੋ ਗੱਤਕਾ ਬਾਜ਼ੀ ਦੇ ਜੌਹਰ ਵੀ ਦਿਖਾਏ ਤਾਂ ਸਾਰੀਆਂ ਸੰਗਤਾਂ ਨੂੰ ਉਨ੍ਹਾਂ ਨੇ ਕੀਲ ਕੇ ਰੱਖ ਦਿੱਤਾ। ਪਿੰਡ ਰਕਬੇ ਦੀਆਂ ਸੰਗਤਾਂ ਵੱਲੋਂ ਪੰਜ ਪਿਆਰੇ ਤੇ ਚਾਰ ਸਾਹਿਬਜ਼ਾਦਿਆਂ ਤੋਂ ਇਲਾਵਾ ਸਕੂਲ ਦੇ ਮੁੱਖ ਸੇਵਾਦਾਰ ਮਾਸਟਰ ਦਰਸ਼ਨ ਸਿੰਘ ਰਕਬਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਪੜਾਵਾਂ ਦੇ ਉੱਪਰ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਿਰਿਆ ਕਰਦੇ ਹੋਏ ਸਕੂਲ ਵਿੱਚ ਜਾ ਕੇ ਸਮਾਪਤੀ ਕੀਤੀ ਜਿੱਥੇ ਸਕੂਲ ਦੀ ਪ੍ਰਿੰਸੀਪਲ ਬੀਬੀ ਸੁਖਜੀਤ ਕੌਰ ਰਕਬਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸਕੂਲ ਦੇ ਅਧਿਆਪਕਾਂ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਅਤੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।