ਨਵਾਂ ਦਾਖ਼ਲਾ ਅਤੇ ਸਲਾਨਾ ਪ੍ਰੀਖਿਆ ਸਬੰਧੀ ਹੋਈ ਮੀਟਿੰਗ
ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਸਿੱਖਿਆ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਮਿਸ਼ਨ 100 ਫ਼ੀਸਦੀ ਸਬੰਧੀ ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਮੀਟਿੰਗ ਲਈ ਗਈ ਜਿਸ ਵਿੱਚ ਉਪ ਜਿਲ੍ਹਾ ਸਿੱਖਿਆ ਅਫ਼ਸਰ, ਸਿੱਖਿਆ ਸੁਧਾਰ ਟੀਮ, ਬਲਾਕ ਨੋਡਲ ਅਫ਼ਸਰ, ਡੀ. ਐਮ. ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ। ਇਸ ਮੌਕੇ ਹਰਭਗਵੰਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਪੱਖੋਂ ਮਜਬੂਤ ਕਰਨ ਲਈ ਵਿਭਾਗ ਵੱਲੋਂ ਤਿਆਰ ਯੋਜਨਾਬੰਦੀ ਅਨੁਸਾਰ ਤਿਆਰੀ ਕਰਵਾਈ ਜਾਵੇਗੀ। ਮੀਟਿੰਗ ਵਿੱਚ ਜਿਲ੍ਹੇ ਦਾ ਨਤੀਜਾ ਬਲਾਕ ਨੋਡਲ ਅਧਿਕਾਰੀਆਂ ਨਾਲ ਪ੍ਰਾਜੈਕਟਰ ਤੇ ਸਾਂਝਾ ਕੀਤਾ ਗਿਆ ਅਤੇ ਇਸ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪ੍ਰਾਪਤ ਨਤੀਜਿਆਂ ਦੇ ਅਧਾਰ ਤੇ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪੜ੍ਹਾਈ ਵਿੱਚ ਸ਼ਾਨਦਾਰ ਨਤੀਜੇ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਡਾ. ਅਬਦੁਲ ਕਲਾਮ ਗਰੁੱਪ, ਮੱਧਮ ਨਤੀਜੇ ਵਾਲਿਆਂ ਨੂੰ ਡਾ. ਹਰਗੋਬਿੰਦ ਖ਼ੁਰਾਣਾ ਗਰੁੱਪ ਅਤੇ ਚਾਲ਼ੀ ਫ਼ੀਸਦੀ ਜਾਂ ਘੱਟ ਔਸਤ ਵਾਲੇ ਵਿਦਿਆਰਥੀਆਂ ਲਈ ਅਲਬਰਟ ਆਈਨਸਟਾਈਨ ਗਰੁੱਪ ਬਣਾਇਆ ਗਿਆ ਹੈ। ਉਨ੍ਹਾਂ ਬਲਾਕ ਨੋਡਲ ਅਸਫ਼ਰਾਂ ਨੂੰ ਹਦਾਇਤ ਕੀਤੀ ਕਿ ਆਪੋ ਆਪਣੇ ਬਲਾਕ ਵਿੱਚ ਆਉਂਦੇ ਸਕੂਲਾਂ ਵਿੱਚ ਬਾਈਮੰਥਲੀ ਨਤੀਜੇ ਦੀ ਸਮੀਖਿਆ ਕਰਕੇ 80 ਫ਼ੀਸਦੀ ਤੋਂ ਵੱਧ ਨਤੀਜੇ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਮੈਰਿਟ ਵਿੱਚ ਆਉਣ ਲਈ ਤਿਆਰੀ ਕਰਵਾਈ ਜਾਵੇ। ਇਸੇ ਤਰਾਂ 40 ਫ਼ੀਸਦੀ ਤੋਂ ਘੱਟ ਨਤੀਜੇ ਵਾਲੇ ਵਿਦਿਆਰਥੀਆਂ ਨੂੰ ਸਰਲ ਪੜ੍ਹਨ ਸਮੱਗਰੀ ਮੁਹੱਈਆ ਕਰਵਾਉਂਦੇ ਹੋਏ ਉਨ੍ਹਾਂ ਨੂੰ ਪ੍ਰੀਖਿਆ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ 40 ਫ਼ੀਸਦੀ ਤੋਂ ਘੱਟ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਜਿਆਦਾ ਹੈ ਉਨ੍ਹਾਂ ਸਕੂਲ ਮੁਖੀਆਂ ਨਾਲ ਨਤੀਜੇ ਬਿਹਤਰ ਕਰਨ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਨਤੀਜਾ ਅਧਾਰਿਤ ਵਰਗੀਕਰਨ ਦੇ ਅਧਾਰ ਤੇ ਮਿਸ਼ਨ ਸੌ ਫ਼ੀਸਦੀ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਸੌ ਫ਼ੀਸਦੀ ਤਹਿਤ ਵਾਧੂ ਕਲਾਸਾਂ ਲਗਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਵੇਂ ਸ਼ੈਸਨ ਲਈ ਦਾਖ਼ਲਾ ਮੁਹਿੰਮ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਚਲਾਉਣ ਦੀ ਲੋੜ ਤੇ ਜੋਰ ਦਿੱਤਾ। ਇਸ ਮੌਕੇ ਧੀਰਜ ਵਸ਼ਿਸ਼ਟ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ, ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।