ਸ਼ਹੀਦੀ ਪਾਕੇ ਅਮਰ ਹੋਗੇ ਜਿੰਨਾਂ ਉਮਰ ਨਾ ਵੱਡੀ ਮਾਣੀ।
ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ।
ਮੋਹਰਾਂ ਦੇਖ ਮਚਲ ਗਿਆ ਪਾਪੀ ਗੰਗੂਆਂ ਵੇ ਮਨ ਤੇਰਾ,
ਠੰਢੇ ਬੁਰਜ ‘ਚ ਕੈਦ ਰਹੇ ਦੇਖ ਬੱਚਿਆਂ ਦਾ ਕਿੱਡਾ ਜੇਰਾ।
ਰਹੇ ਸਿਦਕ ਦੇ ਪੱਕੇ ਉਹ ਭਾਵੇਂ ਸੀ ਉਮਰ ਨਿਆਣੀ।
ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ
ਤੂੰ ਸੋਚਿਆ ਝੁਕ ਜਾਣਗੇ ਉਹ ਛੋਟਾ ਦਰਵਾਜਾ ਸੀ ਕਰਵਾਇਆ,
ਪੈਰ ਪਾਇਆ ਅੰਦਰ ਪਹਿਲਾਂ, ਖੜ੍ਹਕੇ ਫ਼ਤਿਹ ਜੈਕਾਰਾ ਲਾਇਆ।
ਜਿੱਤ ਹੁੰਦੀ ਉਹਨਾਂ ਦੀ ਜੋ ਬਣਦੇ ਸਮੇਂ ਦੇ ਹਾਣੀ।
ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ।
ਹੱਥ ਕੜੀਆਂ ਜਿੰਨਾਂ ਦੇ ਤੁਰੇ ਜਾਂਦੇ ਕੌਮ ਦੇ ਹੀਰੇ,
ਅੰਦਰ ਖ਼ੂਨ ਬਗਾਬਤ ਦਾ ਹਵਾ ਠੰਢੀ ਹੱਡਾਂ ਨੂੰ ਚੀਰੇ।
ਠੰਢੇ ਬੁਰਜ ਚ ਬੈਠੀ ਦਾਦੀ ਦੀ ਚੀਸ ਕਿਸੇ ਨਾ ਜਾਣੀ।
ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ।
ਨਿੱਕੀਆਂ ਜ਼ਿੰਦਾਂ ‘ਤੇ ਝੁੱਲ ਗਈ ਵਕਤ ਦੀ ਬੁਰੀ ਹਨ੍ਹੇਰੀ,
ਨੀਹਾਂ ਵਿੱਚ ਚਿਣਨ ਵਾਲਿਆ ਕਿਵੇਂ ਚੱਲੀ ਕਰਾਂਡੀ ਤੇਰੀ।
ਗਗਨ ਆਖਰੀ ਸਾਹਾਂ ਤੱਕ ਉਹ ਜਪੀ ਜਾਣ ਗੁਰਬਾਣੀ।
ਸੁਣੋ ਬੱਚਿਓ ਪਿਆਰਿਓ ਮਾਸੂਮ ਜਿੰਦਾਂ ਦੀ ਕਹਾਣੀ।
ਪ੍ਰੋ.ਗਗਨਦੀਪ ਕੌਰ ਧਾਲੀਵਾਲ (ਇਤਿਹਾਸ)
ਆਰੀਆ ਭੱਟ ਕਾਲਜ ਬਰਨਾਲਾ।