ਮਾਂ ਦੀ ਗੋਦ ਦਾ ਨਿੱਘ

Share and Enjoy !

Shares
ਦੁਨਿਆਵੀਂ ਰਿਸ਼ਤਿਆਂ ਵਿੱਚ ਮਾਂ ਤੇ ਬੱਚੇ ਦਾ ਰਿਸ਼ਤਾ ਸਭ ਤੋਂ ਉੱਪਰ ਹੁੰਦਾ ਹੈ। ਪਰਮਾਤਮਾ ਇੱਕ ਹੈ ਉਹ ਹਰ ਕਿਸੇ ਕੋਲ ਨਹੀਂ ਜਾ ਸਕਦਾ, ਇਸ ਕਰਕੇ ਉਸਨੇ ਮਾਂ ਬਣਾਈ ਜ਼ੋ ਹਰ ਕਿਸੇ ਦੇ ਹਿੱਸੇ ਆਈ। ਜਿਨ੍ਹਾਂ ਮਾਂ ਆਪਣੇ ਬੱਚੇ ਬਾਰੇ ਜਾਣਦੀ ਹੁੰਦੀ ਹੈ ਉਹਨਾਂ ਉਸ ਬਾਰੇ ਕੋਈ ਨਹੀਂ ਜਾਣਦਾ। ਆਪ ਭੁੱਖੀ ਰਹਿ ਕੇ ਬੱਚੇ ਦੇ ਮੂੰਹ ਵਿੱਚ ਬੁਰਕੀ ਪਾਉਣ ਵਾਲੀ ਮਾਂ ਹੈ,ਆਪ ਗਿੱਲੇ ਥਾਂ ਪੈ ਕੇ ਬੱਚੇ ਨੂੰ ਸੁੱਕੀ ਥਾਂ ਪਾਉਣ ਵਾਲੀ ਮਾਂ ਹੈ। ਚਾਚੀਆਂ ਤਾਈਆਂ ਭਾਵੇਂ ਲੱਖਾਂ ਹੋਣ ਪ੍ਰੰਤੂ ਉਹ ਮਾਂ ਦਾ ਸਥਾਨ ਕਦੇ ਨਹੀਂ ਲੈ ਸਕਦੀਆਂ। ਮਾਂ ਦਾ ਦਰਜਾ ਸਭ ਤੋਂ ਉੱਪਰ ਹੈ। ਪੰਜਾਬ ਦਾ ਪ੍ਰਸਿੱਧ ਕਵੀਂ ਪ੍ਰੋ ਮੋਹਨ ਸਿੰਘ ਵੀ ਮਾਂ ਦੀ ਸਿਫ਼ਤ ਇੱਕ ਬੂਟੇ ਨਾਲ ਕਰਦਾ ਹੈ ਜਿਸ ਤੋਂ ਰੱਬ ਨੇ ਵੀ ਛਾਂ ਉਧਾਰੀ ਲੈ ਕੇ ਸਵਰਗਾਂ ਦੀ ਉਸਾਰੀ ਕੀਤੀ ਹੈ। ਮਾਂ ਦੀ ਗੋਦ ਦਾ ਨਿੱਘ ਸਵਰਗਾਂ ਨਾਲੋਂ ਘੱਟ ਨਹੀਂ। ਕੁਲਦੀਪ ਮਾਣਕ ਵੀ ਆਪਣੇ ਗੀਤ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ ਵਿੱਚ ਮਾਂ ਦੀ ਪੂਜਾ ਨੂੰ ਰੱਬ ਦੀ ਪੂਜਾ ਦੇ ਬਰਾਬਰ ਮੰਨਦਾ ਹੈ। ਲਾਲਚ ਅਤੇ ਬੇਵੱਸੀ ਵਿੱਚ ਆ ਕੇ ਪੁੱਤ ਕਪੁੱਤ ਹੋ ਸਕਦੇ ਹਨ ਪਰੰਤੂ ਮਾਂ ਦਾ ਹਿਰਦਾ ਤਾਂ ਹਮੇਸ਼ਾ ਹੀ ਆਪਣੇ ਬੱਚਿਆਂ ਲਈ ਦੁਆਵਾਂ ਮੰਗਦਾ ਰਹਿੰਦਾ ਹੈ। ਮਾਂ ਦੀ ਮਮਤਾ ਆਪਣੇ ਬੱਚੇ ਲਈ ਬਰਾਬਰ ਹੁੰਦੀ ਹੈ ਉਸਨੂੰ ਧੀ ਅਤੇ ਪੁੱਤ ਵਿਚਲਾ ਫ਼ਰਕ ਕਦੇ ਨਜ਼ਰ ਨਹੀਂ ਆਉਂਦਾ।

ਬੀਤੇ ਦਿਨ ਇਲਾਜ਼ ਲਈ ਮੱਝ ਹਸਪਤਾਲ ਵਿਚ ਲਿਆਂਦੀ ਗਈ।ਮੱਝ ਦੇ ਪਿੱਛੇ ਪਿੱਛੇ ਇੱਕ ਕੱਟਾ ਵੀ ਆ ਰਿਹਾ ਸੀ, ਆਪਣੇ ਮਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ। ਜਿੱਧਰ ਮਾਂ ਜਾਵੇ ਬੱਚਾ ਵੀ ਉੱਧਰ।ਛੁੱਟੀ ਤੋਂ ਅਗਲਾ ਦਿਨ ਹੋਣ ਕਰਕੇ ਪਸ਼ੂਆਂ ਦੀ ਗਿਣਤੀ ਜ਼ਿਆਦਾ ਸੀ, ਸ਼ਿਕੰਜੇ ਪਹਿਲਾਂ ਹੀ ਭਰੇ ਹੋਏ ਸਨ। ਮੈਂ ਮਾਲਕ ਨੂੰ ਇਸ਼ਾਰਾ ਕਰਦੇ ਹੋਏ ਮੱਝ ਨੂੰ ਬਾਹਰ ਨਿੰਮ ਨਾਲ ਬੰਨ੍ਹਣ ਲਈ ਕਹਿ ਦਿੱਤਾ।ਦਸ ਮਿੰਟਾਂ ਬਾਅਦ ਜਦੋਂ ਇੱਕ ਗਾਂ ਦਵਾਈ ਲਗਵਾ ਕੇ ਚਲੀ ਗਈ ਤਾਂ ਮੈਂ ਮੱਝ ਦੇ ਮਾਲਕ ਨੂੰ ਮੁੜ ਮੱਝ ਖੋਲ੍ਹ ਕੇ ਸ਼ਿਕੰਜੇ ਵਿਚ ਲਾਉਣ ਲਈ ਕਿਹਾ।ਮਾਲਕ ਨੇ ਮੱਝ ਨੂੰ ਸ਼ਿਕੰਜੇ ਵਿੱਚ ਲਾ ਦਿੱਤਾ ਪ੍ਰੰਤੂ ਕੱਟਾ ਬਾਹਰ ਦੂਰ ਖੜ੍ਹਾ ਰਿਹਾ। ਕੱਟਾ ਮੱਝ ਤੋਂ ਦੂਰ ਹੋ ਕੇ ਇਸ ਤਰ੍ਹਾਂ ਬਿਲਕਿਆ ਜਿਵੇਂ ਇੱਕ ਬੱਚਾ ਮਾਂ ਤੋਂ ਦੂਰ ਹੋ ਕੇ ਮਾਂ ਦੀ ਗੋਦ ਵਿੱਚ ਜਾਣ ਲਈ ਤਰਲੇ ਭਰਦਾ ਹੈ। ਮਾਲਕ ਨੇ ਕੱਟਾ ਖੋਲ੍ਹ ਕੇ ਮੱਝ ਦੇ ਕੋਲ ਬੰਨ੍ਹ ਦਿੱਤਾ।ਮੱਝ ਕੱਟੇ ਨੂੰ ਪਿਆਰ ਕਰਨ ਲੱਗੀ ਜਿਵੇਂ ਕਹਿੰਦੀ ਹੋਵੇ ਪੁੱਤ ਕਿਉਂ ਰੋਂਦਾ ਸੀ, ਮੈਂ ਕਿੱਥੇ ਜਾਣਾ, ਤੇਰੇ ਕੋਲੇ ਤਾਂ ਹਾਂ।
ਦਸ ਮਿੰਟ ਬਾਅਦ ਮੱਝ ਅਚਾਨਕ ਗ਼ਸ਼ ਖਾ ਕੇ ਡਿੱਗ ਪਈ।ਜਦ ਕੋਲ ਜਾ ਕੇ ਦੇਖਿਆ ਤਾਂ ਮੱਝ ਵਿਚਲਾ ਭੌਰ ਤਾਂ ਉਡਾਰੀ ਮਾਰ ਚੁੱਕਿਆ ਸੀ। ਰੂਹ ਵਿਛੜ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ। ਮਾਲਕ ਨੇ ਮੱਝ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਖਾਂਦੀ ਪੀਂਦੀ ਨਹੀਂ ਸੀ, ਪਿੰਡੋਂ ਡਾਕਟਰਾਂ ਤੋਂ ਇਲਾਜ਼ ਕਰਵਾਇਆ ਪਰ ਫ਼ਰਕ ਨਹੀਂ ਪਿਆ,ਦਸ ਹਜ਼ਾਰ ਪਹਿਲਾ ਲਾ ਚੁੱਕਿਆ ਸੀ, ਦਿਹਾੜੀਦਾਰ ਬੰਦਾ ਹਾਂ, ਇਹਨਾਂ ਕਹਿੰਦੇ ਕਹਿੰਦੇ ਉਸਦਾ ਰੋਣਾ ਨਿਕਲ ਗਿਆ। ਮੈਂ ਮਾਲਕ ਦੇ ਮੋਢੇ ਤੇ ਹੱਥ ਧਰਦਿਆਂ ਦਿਲਾਸਾ ਦਿੰਦੇ ਹੋਏ ਕਿਹਾ ਕਿ ਵਾਹਿਗੁਰੂ ਦਾ ਭਾਣਾ ਮੰਨਣਾ ਪੈਣਾ।ਤੇਰਾ ਕੀਆ ਮੀਠਾ ਲਾਗੈ ਦਾ ਵਚਨ ਅਟੱਲ ਹੈ।ਰਾਮ ਵਧਾਵੇ ਸੋ ਵਧਿ,ਬਲ ਕਰਿ ਵਧਿ ਨਾ ਕੋਇ। ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਹੁਣ ਸਬਰ ਦਾ ਘੁੱਟ ਪੀਣਾ ਪੈਣਾ।
ਦੂਜੇ ਪਸ਼ੂਆਂ ਦੇ ਮਾਲਕਾਂ ਅਤੇ ਹਸਪਤਾਲ ਦੇ ਕਰਮਚਾਰੀਆਂ ਨਾਲ ਮਿਲਕੇ ਮੱਝ ਨੂੰ ਚੇਨ ਕੁੱਪੀ ਦੀ ਮਦਦ ਨਾਲ ਟਰਾਲੀ ਵਿੱਚ ਰਖਵਾ ਦਿੱਤਾ। ਜਦੋਂ ਮੱਝ ਰਖਵਾ ਕੇ ਅਚਾਨਕ ਕੱਟੇ ਵੱਲ ਨਜ਼ਰ ਮਾਰੀ ਤਾਂ ਉਹ ਮਾਂ ਨੂੰ ਲੱਭ ਰਿਹਾ ਸੀ ਪ੍ਰੰਤੂ ਉਸਨੂੰ ਕਿਤੇ ਵੀ ਮਾਂ ਨਹੀਂ ਲੱਭੀ। ਮਾਲਕ ਨੇ ਕੱਟੇ ਦਾ ਰੱਸਾ ਖੋਲ੍ਹ ਕੇ ਉਸਨੂੰ ਵੀ ਮੱਝ ਦੇ ਕੋਲ ਟਰਾਲੀ ਵਿੱਚ ਬੰਨ੍ਹ ਦਿੱਤਾ। ਕੱਟਾ ਮੱਝ ਦੇ ਕੰਨ ਕੋਲ ਜਾ ਕੇ ਬੋਲਿਆ, ਸ਼ਾਇਦ ਮਾਂ ਨੂੰ ਕਹਿੰਦਾ ਹੋਵੇ ਕਿ ਮਾਂ ਤੂੰ ਉੱਠ ਮੈਂ ਆ ਗਿਆ। ਮਾਂ ਦੀ ਮਮਤਾ ਲਈ ਤਰਸਦਾ ਹੋਏ ਕੱਟੇ ਦੀਆਂ ਲੱਖਾਂ ਕੋਸ਼ਿਸ਼ਾਂ ਬਾਅਦ ਵੀ ਜਦੋਂ ਮੱਝ ਨਾ ਉੱਠੀ ਤਾਂ ਕੱਟਾ ਵੀ ਹੰਝੂਆਂ ਭਰੀਆਂ ਅੱਖਾਂ ਨਾਲ ਮੱਝ ਦੇ ਨਾਲ ਲੱਗ ਕੇ ਬਹਿ ਗਿਆ।ਮਾਲਕ ਨੇ ਟਰੈਕਟਰ ਦਾ ਸੈਲਫ ਮਾਰਿਆ ਅਤੇ ਅਖੀਰਲੀ ਵਾਰ ਮਾਂ ਦੀ ਗੋਦ ਦਾ ਨਿੱਘ ਮਾਣਦਾ ਹੋਇਆ ਕੱਟਾ ਅੱਖਾਂੋ ਤੋਂ ਦੂਰ ਹੋ ਗਿਆ।
– ਰਜਵਿੰਦਰ ਪਾਲ ਸ਼ਰਮਾ,
ਜ਼ਿਲ੍ਹਾ ਬਠਿੰਡਾ। ਮੋ: 7087367969

About Post Author

Share and Enjoy !

Shares

Leave a Reply

Your email address will not be published. Required fields are marked *