ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ 2024 ਤੇ ਵਿਸ਼ੇਸ਼ (10 ਦਸੰਬਰ)
ਮਨੁੱਖੀ ਅਧਿਕਾਰ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਣ ਸਥਾਨ ਰੱਖਦੇ ਹਨ। ਇੱਕ ਸਭਿਅਕ ਸਮਾਜ ਵਿੱਚ ਬੁਨਿਆਦੀ ਮਨੁੱਖੀ ਅਧਿਕਾਰ ਜਿੱਥੇ ਲੋਕਾਈ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ ਉਥੇ ਨਾਲ ਹੀ ਸਨਮਾਨਜਨਕ ਜੀਵਨ ਬਿਤਾਉਣ ਅਤੇ ਸਮਾਜ ਵਿੱਚ ਯੋਗਦਾਨ ਪਾਉਣ ਵਿੱਚ ਸਹਾਈ ਹੁੰਦੇ ਹਨ। ਮਨੁੱਖੀ ਅਧਿਕਾਰ ਹਰ ਇੱਕ ਇਨਸਾਨ ਦੇ ਸਵੈ-ਮਾਣ ਅਤੇ ਮੌਲਿਕ ਅਜ਼ਾਦੀ ਨੂੰ ਮਾਨਤਾ ਦਿੰਦੇ ਹਨ ਅਤੇ ਸਮਾਜ ਵਿੱਚ ਬੁਨਿਆਦੀ ਅਜ਼ਾਦੀ, ਨਿਆਂ ਅਤੇ ਸ਼ਾਂਤੀ ਦੀ ਨੀਂਹ ਹਨ। ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਬਣੇ ਕਾਨੂੰਨ ਮਨੁੱਖ ਨੂੰ ਹਿੰਸਕ ਬਣਨ ਤੋਂ ਰੋਕਦੇ ਹਨ ਅਤੇ ਸਮਾਜ ਵਿੱਚ ਸ਼ਾਂਤੀ ਯਕੀਨੀ ਬਣਾੁੳਂਦੇ ਹਨ। ਇਤਿਹਾਸ ਵਿੱਚ ਸਮੇਂ ਸਮੇਂ ਤੇ ਦਾਰਸ਼ਨਿਕਾਂ ਨੇ ਸਮਾਜ ਦੇ ਸਹੀ ਕੰਮ-ਕਾਜ, ਭਲਾਈ ਅਤੇ ਵਿਕਾਸ ਲਈ ਅਧਿਕਾਰਾਂ ਦੀ ਵਰਤੋਂ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਸਿੱਖ ਧਰਮ ਦੇ ਬਾਨੀ ਗੁਰੁ ਨਾਨਕ ਸਾਹਿਬ ਸਿਰਫ ਇੱਕ ਧਾਰਮਿਕ ਆਗੂ ਹੀ ਨਹੀ ਸਨ, ਬਲਕਿ ਇੱਕ ਸਮਾਜ ਸੁਧਾਰਕ ਅਤੇ ਰਾਜਨੀਤਿਕ ਚਿੰਤਕ ਵੀ ਸਨ ਜਿਨ੍ਹਾਂ ਨੇ ਮਨੁੱਖੀ ਜੀਵਨ ਦੇ ਸਾਰੇ ਪਹਿਲੂਆਂ ਨੂੰ ਮਹੱਤਤਾ ਦਿੱਤੀ। ਗੁਰੁ ਨਾਨਕ ਸਾਹਿਬ ਇੱਕ ਮਹਾਨ ਦਾਰਸ਼ਨਿਕ ਸਨ ਅਤੇ ਉਨ੍ਹਾਂ ਨੇ ਸੁਚੱਜਾ ਜੀਵਨ ਜੀਣ ਲਈ ਕੁੱਲ ਮਾਨਵਤਾ ਦਾ ਮਾਰਗਦਰਸ਼ਨ ਕੀਤਾ। ਨਾਨਕ ਨਾਮ ਲੇਵਾ ਸੰਗਤ ਲਈ ਇਹ ਹਮੇਸ਼ਾਂ ਮਾਣ ਵਾਲੀ ਗੱਲ ਹੈ ਕਿ ਗੁਰੁ ਨਾਨਕ ਸਾਹਿਬ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਅਵਾਜ਼ ਬੁਲੰਦ ਕਰਨ ਵਿੱਚ ਮੋਢੀ ਸਨ। ਉਨ੍ਹਾਂ ਦੇ ਜੀਵਨ ਕਾਲ ਦੌਰਾਨ ਲੋਕ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਸਨ ਅਤੇ ਉਨ੍ਹਾਂ ਦਾ ਸਿਆਸੀ, ਸਮਾਜਿਕ ਅਤੇ ਧਾਰਮਿਕ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਸੀ। ਗੁਰੁ ਨਾਨਕ ਸਾਹਿਬ ਨੇ ਸਮਾਜਿਕ ਬੇਇਨਸਾਫੀ, ਅਸਮਾਨਤਾ, ਧਾਰਮਿਕ ਜਬਰ, ਔਰਤਾਂ ਦੇ ਸ਼ੋਸ਼ਣ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਪਤਨ ਤੇ ਖੁੱਲ ਕੇ ਚਰਚਾ ਕੀਤੀ ਅਤੇ ਆਪਣੀ ਗੱਲ ਸਹਿਜਤਾ ਨਾਲ ਕੁੱਲ ਲੋਕਾਈ ਤੱਕ ਪਹੁੰਚਾਈ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਲਈ ਅਧਿਕਾਰਾਂ ਅਤੇ ਨੈਤਿਕ ਕਰਤੱਵਾਂ ਪ੍ਰਤੀ ਸੁਚੇਤ ਰਹਿ ਕੇ ਜੀਣ ਦੀ ਜੀਵਨਜਾਚ ਦੱਸੀ। ਗੁਰੁ ਨਾਨਕ ਸਾਹਿਬ ਨੇ ਕਿਰਤ ਕਰੋ, ਨਾਮ ਜਪੋ ‘ਤੇ ਵੰਡ ਛਕੋ ਦਾ ਹੋਕਾ ਦੇ ਕੇ ਨਾ ਸਿਰਫ ਲੋਕਾਂ ਵਿੱਚ ਗੁਲਾਮੀ ਦੀ ਸੋਚ ਵਿੱਚ ਤਬਦੀਲੀ ਲਿਆਂਦੀ ਸਗੋਂ ਉਨ੍ਹਾਂ ਨੂੰ ਪਖੰਡ ਅਤੇ ਆਪਾ ਤਿਆਗ ਕੇ ਗ੍ਰਹਿਸਤ ਜੀਵਨ ਵਿੱਚ ਰਹਿਂਦੇ ਹੋਏ ਨਿਰਸਵਾਰਥ ਸੇਵਾ ਅਤੇ ਕੁਰਬਾਨੀ ਦੀ ਭਾਵਨਾ ਜਗਾਈ। ਉਨ੍ਹਾਂ ਨੇ ਜਾਤ-ਪਾਤ, ਲਿੰਗ ਜਾਂ ਧਰਮ ਦੇ ਅਧਾਰ ਨੂੰ ਨਕਾਰਦੇ ਹੋਏ ਇਨਸਾਨ ਦੀ ਅੰਦਰੂਨੀ ਬਰਾਬਰੀ ਦਾ ਪ੍ਰਚਾਰ ਕੀਤਾ। ਗੁਰੁ ਨਾਨਕ ਸਾਹਿਬ ਨੇ ਸੰਗਤ ਅਤੇ ਪੰਗਤ ਦੀ ਸ਼ੁਰੂਆਤ ਕਰਕੇ ਸਿੱਧਾਂਤਾਂ ਨੂੰ ਵਿਹਾਰਕ ਰੂਪ ਦਿੱਤਾ। ਉਨ੍ਹਾਂ ਦੀ ਜੀਵਨੀ ਵਿੱਚ ਅਜਿਹੀਆਂ ਕਈ ਉਦਾਹਣਾ ਹਨ ਜਦੋਂ ਉਨ੍ਹਾਂ ਨੇ ਸਹਿਜ ਅਤੇ ਵਿਹਾਰਕ ਰੂਪ ਵਿੱਚ ਕੁਰਾਹੇ ਪਏ ਇਨਸਾਨਾਂ ਨੂੰ ਰਾਹੇ ਪਾਇਆ। ਅੱਜ ਜਦੋਂ ਵੀ ਮਨੁੱਖੀ ਅਧਿਕਾਰ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੁਰੁ ਨਾਨਕ ਦੀਆਂ ਸਿੱਖਿਆਵਾਂ ਅਤੇ ਸਾਖੀਆਂ ਹੀ ਧਿਆਨ ਵਿੱਚ ਆਉਂਦੀਆਂ ਹਨ। ਬਾਬਰ ਨੂੰ ਜਾਬਰ ਕਹਿਣ ਵਾਲਾ ਬਾਬਾ ਨਾਨਕ ਹੀ ਹੋ ਸਕਦਾ ਸੀ। ਅੱਜ ਜਦੋਂ ਵੀ ਮਹਿਲਾ ਸਸ਼ਕਤੀਕਰਣ ਦੀ ਗੱਲ ਆਉਂਦੀ ਹੈ ਤਾਂ ਵੀ ਸਭ ਤੋਂ ਪਹਿਲਾਂ ਗੁਰੁ ਨਾਨਕ ਸਾਹਿਬ ਦੀ ਬਾਣੀ ਚੋਂ “ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ” ਹੀ ਧਿਆਨ ਵਿੱਚ ਆਂਉਂਦਾ ਹੈ। ਗੁਰੁ ਨਾਨਕ ਵੱਲੋਂ ਚਲਾਏ ਗਏ ਸਿੱਖ ਧਰਮ ਦੇ ਇਤਿਹਾਸ ਵਿੱਚ ਉਨ੍ਹਾਂ ਸ਼ਹੀਦਾਂ ਦੀ ਲੰਮੀ ਸੂਚੀ ਹੈ ਜਿਨ੍ਹਾਂ ਨੇ ਧਰਮ ਜਾਤ ਨਸਲ ਦੇ ਭੇਦ ਭਾਵ ਤੋਂ ਬਿਨਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਗੁਰੁ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਨੇ ਆਧੁਨਿਕ ਮੱਨੁਖੀ ਅਧਿਕਾਰਾਂ ਦੀ ਲਹਿਰ ਦਾ ਨੀਂਹ ਪੱਥਰ ਵੀ ਰੱਖਿਆ। ਮਨੁੱਖ ਜਾਤੀ ਦੇ ਇਤਿਹਾਸ ਨੇ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਕੁਰਬਾਨੀ ਦੀ ਗਵਾਹੀ ਨਹੀ ਭਰੀ ਸੀ। ਗੁਰੁ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ 18ਵੀਂ ਸਦੀ ਦਾ ਸਿੱਖ ਇਤਿਹਾਸ ਗੈਰ-ਸਿੱਖਾਂ ਦੀ ਰੱਖਿਆ ਲਈ ਗੁਰੁ ਕੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਸਮਾਜ ਨੂੰ ਜਾਤ-ਪਾਤ ਅਤੇ ਜ਼ਾਲਮ ਸ਼ਾਸਕਾਂ ਦੀਆਂ ਵਧੀਕੀਆਂ ਤੋਂ ਮੁਕਤ ਕਰਨਾਂ ਹੀ ਸਿੱਖ ਧਰਮ ਦੇ ਮੁੱਖ ਉਦੇਸ਼ਾਂ ਵਿੱਚੋਂ ਇਕ ਸੀ।
ਅੱਜ ਦੇ ਆਧੁਨਿਕ ਦੌਰ ਵਿੱਚ ਮਨੁੱਖੀ ਅਧਿਕਾਰਾਂ ਸਬੰਧੀ 10 ਦਸੰਬਰ ਸਾਲ 1948 ਨੂੰ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ “ਮਨੁੱਖੀ ਅਧਿਕਾਰਾਂ ਦਾ ਵਿਸ਼ਵ ਘੋਸ਼ਣਾ ਪੱਤਰ” ਜਾਰੀ ਕੀਤਾ ਗਿਆ ਜਿਸ ਨੂੰ ਯਾਦ ਕਰਦਿਆਂ ਹਰ ਸਾਲ ਇਹ ਦਿਨ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਹ ਇਤਿਹਾਸਕ ਦਸਤਾਵੇਜ ਕਿਸੇ ਧਰਮ, ਨਸਲ, ਰੰਗ, ਲਿੰਗ, ਭਾਸ਼ਾ, ਰਾਜਨੀਤਕ ਜਾਂ ਹੋਰ ਕਿਸੇ ਵੀ ਤਰਾਂ ਦੇ ਭੇਦਭਾਵ ਨੂੰ ਨਕਾਰਦਾ ਹੋਇਆ ਇਨਸਾਨ ਦੇ ਬੁਨਿਆਦੀ ਅਧਿਕਾਰਾਂ ਨੂੰ ਦਰਸਾਉਂਦਾ ਹੈ। ਇਹ ਦਿਵਸ ਸੰਸਾਰ ਭਰ ਵਿੱਚ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਸੰਰਕਸ਼ਣ ਲਈ ਸਜਾਗਤਾ ਅਤੇ ਜਾਗਰੂਕਤਾ ਫੈਲਾਉਣ ਦਾ ਮੌਕਾ ਹੁੰਦਾ ਹੈ। ਇਹ ਦਸਤਾਵੇਜ਼ ਸਮੂਹ ਦੇਸ਼ਾ ਦੇ ਨਾਗਰਿਕਾਂ ਲਈ ਕਰੀਬ 577 ਭਾਸ਼ਾਵਾਂ ਵਿੱਚ ਉਪਲਭਦ ਹੈ। ਮਨੁੱਖੀ ਅਧਿਕਾਰ ਜਿੱਥੇ ਲੋਕਾਂ ਨੂੰ ਵਿਅਕਤੀਗਤ ਅਤੇ ਸਾਂਝੇ ਤੌਰ ਤੇ ਇੱਕ ਬਿਹਤਰ ਕੱਲ੍ਹ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ ਉੱਥੇ ਨਾਲ ਹੀ ਇਹ ਸੰਸਾਰ ਭਰ ਵਿੱਚ ਨਿਆਂਪੂਰਨਤਾ, ਬਰਾਬਰਤਾ ਅਤੇ ਸ਼ਾਂਤੀ ਲਿਆਉਣ ਵਿੱਚ ਵੀ ਯੋਗਦਾਨ ਪਾਉਂਦੇ ਹਨ। ਇਸ ਸਾਲ ਦੀ ਥੀਮ ਸਾਡੇ ਰੋਜ਼ਾਨਾ ਜੀਵਨ ਵਿੱਚ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਸਾਰਥਕਤਾ ਨੂੰ ਸਵੀਕਾਰ ਕਰਨ ਲਈ ਇੱਕ ਸੱਦਾ ਹੈ। ਸਾਡੇ ਕੋਲ ਨਫਰਤ ਭਰੇ ਭਾਸ਼ਣ ਦੇ ਵਿਰੁੱਧ ਬੋਲਣ, ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਅਤੇ ਉਸ ਨੂੰ ਠੀਕ ਕਰਕੇ ਗਲਤ ਧਾਰਣਾਵਾਂ ਨੂੰ ਬਦਲਣ ਦਾ ਮੌਕਾ ਹੈ। ਅੱਜ ਦੇ ਤਕਨੀਕੀ ਯੁਗ ਵਿੱਚ ਵੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੋਂ ਸੇਧ ਲੈਕੇ ਮਨੁੱਖੀ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੋਰ ਵੀ ਜ਼ਿਆਦਾ ਜਰੂਰੀ ਹੋ ਗਿਆ ਹੈ ਅਤੇ ਮਨੁੱਖੀ ਅਧਿਕਾਰਾਂ ਲਈ ਵਿਸ਼ਵਵਿਆਪੀ ਅੰਦੋਲਨ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ।
ਕੈਮੀਕਲ ਵਿਭਾਗ
ਸਰਕਾਰੀ ਬਹੁਤਕਨੀਕੀ ਕਾਲਜ ਬਟਾਲਾ
9914818333, 9501118333