ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ। ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ। ਬਗਦਾਦ ਵਿੱਚ ਇਕ ਬੜਾ ਪ੍ਰਸਿੱਧ ਪੀਰ ਅਬਦੁਲ ਕਾਦਿਰ ਹੋਇਆ ਸੀ। ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ.ਵਿੱਚ ਹੋਇਆ ਮੰਨਿਆ ਜਾਂਦਾ ਹੈ। ਬਗਦਾਦ ਵਿੱਚ ਇਸ ਦਾ ਮਕਬਰਾ ਬਣਿਆ ਹੋਇਆ ਹੈ। ਪੀਰ ਅਬਦੁਲ ਕਾਦਿਰ ਦਾ ਨਾਂ ਦਸਤਗੀਰ ਪ੍ਰਸਿੱਧ ਹੈ। ਉਸ ਦੇ ਜਾ- ਨਸ਼ੀਨ ਵੀ ਦਸਤਗੀਰ ਹੀ ਅਖਵਾਉਂਦੇ ਹਨ। ਪੀਰ ਸੰਪ੍ਰਦਾਇ ਦੇ ਦਰਵੇਸ਼ ਕਾਦਰੀ ਅਖਵਾਉਂਦੇ ਹਨ ।
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਗਦਾਦ ਪਹੁੰਚਣ ਬਾਰੇ ਆਪਣੀ ਪਹਿਲੀ ਵਾਰ ਦੀ 35ਤੇ36,ਪਾਉੜੀ ਵਿਚ ਇਉਂ ਲਿਖਿਆ ਹੈ:-
ਫਿਰਿ ਬਾਬਾ ਗਇਆ ਬਗਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ॥ ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ॥ ਦਿਤੀ ਬਾਂਗਿ ਨਿਵਾਜਿ ਕਰਿ ਸੁੰਿਨ ਸਮਾਨਿ ਹੋਆ ਜਹਾਨਾ॥ ਸੁੰਨ ਮੁੰਨਿ ਨਗਰੀ ਭਈ ਦੇਖਿ ਪੀਰ ਭਇਆ ਹੈਰਾਨਾ॥ ਵੇਖੈ ਧਿਆਨੁ ਲਗਾਇ ਕਰਿ ਇਤੁ ਫਕੀਰੁ ਵਡਾ ਮਸਤਾਨਾ॥ ਪੁਛਿਆ ਫਿਰਿਕੈ ਦਸਤਗੀਰ ਕਉਣ ਫਕੀਰੁ ਕਿਸਕਾ ਘਰਿਹਾਨਾ॥ ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ॥ ਧਰਤਿ ਆਕਾਸ ਚਹੂ ਦਿਸ ਜਾਨਾ ॥੩੫॥
(ਵਾਰਾਂ-ਭਾਈ ਗੁਰਦਾਸ ਜੀ)
ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਪਹੁੰਚੇ, ਆਪ ਜੀ ਨੇ ਭਾਈ ਮਰਦਾਨੇ ਨਾਲ ਸ਼ਹਿਰੋ ਬਾਹਰ ਹੀ ਡੇਰਾ ਲਾਇਆ। ਗੁਰੁ ਨਾਨਕ ਜੀ ਤੇ ਭਾਈ ਮਰਦਾਨਾ ਜੀ ਨੇ ਅਮ੍ਰਿਤ ਵੇਲੇ ਸਤਿਨਾਮੁ ਵਾਹਿਗਰੂ ਦਾ ਉੱਚੀ ਜੈਕਾਰਾ ਲਾਇਆ, ਭਾਈ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤੇ ਗੁਰੂ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ। ਮੁਸਲਮਾਨ ਦੇਸ਼ ਵਿੱਚ ਸੰਗੀਤ ਤੇ ਪਾਬੰਦੀ ਸੀ। ਉਥੇ ਕੋਈ ਸੰਗੀਤ ਨਹੀ ਸੀ ਗਾ ਸਕਦਾ। ਕੁਝ ਨੇ ਜਾ ਕੇ ਬਗਦਾਦ ਦੇ ਪੀਰ ਤੇ ਹਾਕਮ ਨੂੰ ਜਾ ਦਸਿਆ। ਉਨ੍ਹਾਂ ਅਗੋਂ ਹੁਕਮ ਦਿੱਤਾ ਕਿ ਇਸ ਅਨੋਖੇ ਇਸਲਾਮ ਵਿਰੋਧੀ ਪਰਦੇਸੀ ਨੂੰ ਸੰਗਸਾਰ(ਪੱਥਰ ਮਾਰ -ਮਾਰ ਕੇ ਮਾਰ ਦੇਣਾ)ਕੀਤਾ ਜਾਵੇ।
ਲੋਕ ਪੱਥਰ ਵੱਟੇ ਚੁਕ ਕੇ ਗੁਰੂ ਜੀ ਵੱਲ ਆਏ ਪਰ ਗੁਰੂ ਜੀ ਦੇ ਰੱਬੀ ਨੂਰ ਭਰੇ ਚਿਹਰੇ ਵੱਲ ਵੇਖ ਕੇ ਠਠੰਬਰ ਗਏ। ਉਨ੍ਹਾਂ ਵਿਚ ਪੱਥਰ ਮਾਰਨ ਦੀ ਹਿੰਮਤ ਨਾ ਰਹੀ। ਗੁਰੂ ਜੀ ਨੇ ਉਨਾਂ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ। ਉਨਾਂ ਦਾ ਕ੍ਰੋਧ ਦੂਰ ਤੇ ਮਨ ਸ਼ਾਤ ਹੋ ਗਿਆ ਤੇ ਉਨਾਂ ਪੱਥਰ ਸੁੱਟ ਦਿੱਤੇ। ਇਸ ਸਭ ਬਾਰੇ ਜਦੋਂ ਪੀਰ ਦਸਤਗੀਰ ਨੂੰ ਪਤਾ ਲੱਗਿਆ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ।
ਪੀਰ ਨੇ ਗੁਰੂ ਜੀ ਨੁੰ ਕਿਹਾ “ਐ ਫਕੀਰ ਤੈਨੂੰ ਪਤਾ ਨਹੀ ਇੱਥੇ ਸੰਗੀਤ ਗਾਉਣਾ ਮਨਾ ਹੈ, ਇੱਥੇ ਸ਼ਰੀਅਤ ਕਾਨੂੰਨ ਹੈ ਤੇ ਤੂੰ ਸੰਗੀਤ ਦੀਆਂ ਧੁੰਨਾਂ ਵਜਾਈ ਜਾ ਰਿਹਾ ਹੈ ?” ਗੁਰੂ ਜੀ ਨੇ ਪੀਰ ਨੂੰ ਦੱਸਿਆ ਕਿ ਸੰਗੀਤ ਨਾਲ ਜਰੂਰੀ ਨਹੀਂ ਗਾਣੇ ਹੀ ਗਾਏ ਜਾਂਦੇ। ਇਸ ਨਾਲ ਰੱਬ ਦਾ ਨਾਮ ਵੀ ਲਿਆ ਜਾ ਸਕਦਾ ਹੈ ਤੇ ਇਸ ਨੂੰ ਕੀਰਤਨ ਕਹਿੰਦੇ ਹਨ, ਪੀਰ ਕੁਝ ਠੰਡਾ ਪੈ ਗਿਆ ਜਿਕਰ ਆਉਂਦਾ ਹੈ ਉਸਨੇ ਗੁਰੂ ਜੀ ਨੂੰ ਕਿਹਾ ਜੇ ਤੁਸੀਂ ਇੰਨੇ ਵੱਡੇ ਫਕੀਰ ਹੋ ਤੇ ਮੇਰਿਆਂ ਤਿੰਨ ਸਵਾਲਾਂ ਦੇ ਜਵਾਬ ਦਿਓ ਜੋ ਮੈਨੁੰ ਬਹੁਤ ਪਰੇਸ਼ਾਨ ਕਰ ਰਹੇ ਹਨ।
ਉਸਨੇ ਪਹਿਲਾ ਸਵਾਲ ਕੀਤਾ ਕਿ ਜੇ ਰੱਬ ਹੈ ਤਾਂ ਰੱਬ ਤੋ ਪਹਿਲਾਂ ਕੌਣ ਸੀ ?
ਗੁਰੂ ਜੀ ਨੇ ਪਹਿਲੇ ਸਵਾਲ ਦਾ ਜਵਾਬ ਦੇਣ ਲਈ ਪੀਰ ਨੂੰ ਕਿਹਾ ਪੀਰ ! ਤੇਰੇ ਕੋਲ ਕਾਫੀ ਹੀਰੇ ਜਵਾਹਰਾਤ ਨੇ ਉਹਨਾਂ ਵਿੱਚੋ ਕੁਝ ਅਸ਼ਰਫੀਆਂ ਲੈ ਕੇ ਆ, ਉਹ ਸੋਨੇ ਦੀਆਂ ਅਸ਼ਰਫੀਆਂ ਲੈ ਆਇਆਂ ਗੁਰੂ ਜੀ ਨੇ ਕਿਹਾ ਪੀਰ ਇਸਨੂੰ ਗਿਣ, ਪੀਰ ਨੇ ਜਦੋਂ ਇਕ ਦੋ ਤਿੰਨ ਗਿਣਤੀ ਅਨੁਸਾਰ ਗਿਣਨਾ ਸ਼ੁਰੂ ਕੀਤਾ ਤਾਂ ਗੁਰੂ ਸਾਹਿਬ ਆਖਿਆ… ਐ ਪੀਰ! ਤੂੰ ਗਲਤ ਗਿਣ ਰਿਹਾ ਹੈ ਦੁਬਾਰਾ ਗਿਣ…ਪੀਰ ਨੇ ਫਿਰ ਗਿਣਨਾ ਸ਼ੁਰੂ ਕੀਤਾ।
ਗੁਰੂ ਸਾਹਿਬ ਫਿਰ ਟੋਕਿਆ ਤਾਂ ਫਿਰ ਪੀਰ ਆਖਿਆ ਜਿੱਥੇ ਮੈਂ ਗਲਤ ਹੋਵਾਂ ਤੁਸੀਂ ਉੱਥੇ ਹੀ ਰੋਕ ਦੇਣਾ।ਫਿਰ ਗਿਣਤੀ ਸ਼ੁਰੂ ਕੀਤੀ। ਗਿਣਤੀ ਫਿਰ ਸ਼ੁਰੂ ਕੀਤੀ ਤਾਂ ਗੁਰੂ ਸਾਹਿਬ ਨੇ ਇਕ ਤੇ ਹੀ ਰੋਕ ਕੇ ਆਇਆ ਜੋ ਇਕ ਤੋ ਪਹਿਲਾਂ ਜੋ ਆਉਦਾ ਉਸਤੋ ਸ਼ੁਰੂ ਕਰ। ਪੀਰ ਕਹਿੰਦਾ ਇਕ ਤੋ ਪਹਿਲਾਂ ਕੁਝ ਨਹੀ ਹੁੰਦਾ। ਗੁਰੂ ਜੀ ਕਹਿੰਦੇ ਪੀਰ ਫਿਰ ਰੱਬ ਤੋ ਪਹਿਲਾਂ ਵੀ ਕੁਝ ਨਹੀਂ ਹੁੰਦਾ ਰੱਬ ਹੀ ਸ਼ੁਰੂ ਹੈ। ਦੂਜਾ ਸਵਾਲ ਕੀਤਾ, ਜੇਕਰ ਰੱਬ ਹੈ ਤਾਂ ਸਾਨੂੰ ਦਿਸਦਾ ਕਿਉਂ ਨਹੀਂ ? ਗੁਰੂ ਸਾਹਿਬ ਨੇ ਦੁੱਧ ਮੰਗਵਾਉਣ ਲਈ ਕਿਹਾ।
ਦੁੱਧ ਦੇ ਗਿਲਾਸ ਵੱਲ ਦੇਖ ਕੇ ਗੁਰੂ ਸਾਹਿਬ ਆਖਿਆ ਤੈਨੂੰ ਇਸ ਵਿਚੋ ਕੀ ਨਜ਼ਰ ਆ ਰਿਹਾ ਹੈ? ਤਾਂ ਜਵਾਬ ਆਇਆ ਕਿ ਇਸ ਵਿਚ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ। ਜਦ ਇਹ ਸਵਾਲ ਰਸੋਈਏ ਨੇੰ ਕੀਤਾ ਤਾਂ ਉਨੇ ਜਵਾਬ ਦਿਤਾ ਕਿ ਮਹਾਰਾਜ ਇਸ ਵਿੱਚ ਮੈਨੇੰ ਮੱਖਣ, ਪਨੀਰ ਤੇ ਕਈ ਭਾਂਤ ਦੀਆਂ ਮਠਿਆਈਆਂ ਨਜ਼ਰ ਆ ਰਹੀਆਂ ਹਨ। ਗੁਰੂ ਸਾਹਿਬ ਸਮਝਾਇਆ ਕਿ ਇਹ ਸਭ ਵਸਤਾਂ ਦੁੱਧ ਨੂੰ ਰਿੜਕਣ ਨਾਲ ਬਣਦੀਆਂ ਹਨ ਇਸ ਲਈ ਨਹੀਂ ਦਿਸੀਆਂ, ਬਿਲਕੁਲ ਇਸੇ ਤਰ੍ਹਾਂ ਉਸ ਖੁਦਾ ਨੂੰ ਮਹਿਸੂਸ ਕਰਨ ਲਈ ਉਸਦੇ ਦੇ ਨਾਮ ਨੂੰ ਜੀਭ ਨਾਲ ਰਿੜਕਣਾ ਪੈਂਦਾ ਹੈ। ਗੁਰੂ ਦੀ ਬਾਣੀ ਹੀ ਰੱਬ ਨੂੰ ਦੇਖਣ ਦਾ ਰਾਹ ਹੈ। ਅਖੀਰ ਪੁੱਛਿਆ ਕਿ ਉਹ ਰੱਬ ਕੰਮ ਕੀ ਕਰਦਾ ਹੈ। ਗੁਰੂ ਸਾਹਿਬ ਆਖਿਆ ਅਸੀਂ ਤੇਰੇ ਸਵਾਲਾਂ ਦੇ ਜਵਾਬ ਹੇਠਾਂ ਬੈਠੇ ਦੇ ਰਹੇ ਹਾਂ ਤੇ ਤੁਸੀਂ ਸਿਘਾਸਣ ਪੁਰ ਬੈਠੇ ਹੋ… ਤਾਂ ਇਤਨੀ ਦੇਰ ਸੀ ਕਿ ਪੀਰ ਦਸਤਗੀਰ ਹੇਠਾਂ ਆਇਆ ਤੇ ਗੁਰੂ ਮਹਾਰਾਜ ਨੂੰ ਸਿਘਾਸਣ ਉਪਰ ਬੈਠਣ ਲਈ ਕਿਹਾ। ਕੁਝ ਸਮਾਂ ਮਹਾਰਾਜ ਅਕਾਲ ਪੁਰਖ ਦੀ ਲਿਵ ‘ਚ ਰਹੇ। ਪੀਰ ਨੇ ਫਿਰ ਜਵਾਬ ਪੁੱਛਿਆ ਤਾਂ ਮਹਾਰਾਜ ਨੇ ਫੁਰਮਾਇਆ ਕਿ ਰੱਬ ਇਹੀ ਕੰਮ ਕਰਦਾ ਹੈ ਤੇਰੇ ਵਰਗਿਆਂ ਨੂੰ ਨੀਚੇ ਬਿਠਾ ਦਿੰਦਾ ਹੈ ਤੇ ਮੇਰੇ ਵਰਗਿਆਂ ਨੂੰ ਉਪਰ…
ਪੀਰ ਦਸਤਗੀਰ ਗੁਰੂ ਜੀ ਅੱਗੇ ਝੁੱਕ ਗਿਆ ।
ਲੰਮਾ ਸਮਾਂ ਗੁਰੂ ਜੀ ਨਾਲ ਵਿਚਾਰ ਕਰਨ ਉਪਰੰਤ ਹਾਰ ਕੇ ਪੀਰ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਇਹ ਫਕੀਰ ਬਹੁਤ ਵੱਡਾ ਹੈ , ਇਸ ਨੂੰ ਰੱਬ ਵਲੋਂ ਅਥਾਹ ਸ਼ਕਤੀ ਅਤੇ ਗਿਆਨ ਮਿਲਿਆ ਹੈ, ਬਗਦਾਦ ਨਗਰੀ ਵਿੱਚ ਇਸਨੇ ਬੜੀ ਵਡੀ ਕਰਾਮਾਤ ਦਿਖਾਈ ਹੈ ਪੱਥਰ ਮਾਰਨ ਵਾਲਿਆਂ ਦੇ ਸਰੀਰ ਸੁੰਨ ਹੋ ਗਏ ਹਨ , ਲੱਖਾਂ ਅਕਾਸ਼ ਪਤਾਲਾਂ ਦੀ ਵੀ ਇਸ ਨੇ ਵੱਡੀ ਅਤੇ ਨਵੀਂ ਗੱਲ ਦੱਸੀ ਹੈ। ਬਗਦਾਦ ਵਿੱਚ ਹੀ ਹੋਈ ਪੀਰ ਨਾਲ ਗੋਸ਼ਟੀ ਦਾ ਜਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ :-
ਪੁਛੇ ਪੀਰ ਤਕਰਾਰ ਕਰਿ ਏਹ ਫਕੀਰ ਵਡਾ ਅਤਾਈ॥ ਏਥੇ ਵਿਚਿ ਬਗਦਾਦ ਦੇ ਵਡੀ ਕਰਾਮਾਤਿ ਦਿਖਲਾਈ॥ ਪਾਤਾਲਾ ਆਕਾਸ ਲਖ ਓੜਕਿ ਭਾਲੀ ਖਬਰੁ ਸੁਣਾਈ॥
ਇਹ ਬਚਨ ਸੁਣ ਕੇ ਪੀਰ ਗੁਰੂ ਜੀ ਵੱਲ ਮੁਖਾਤਿਬ ਹੋ ਕੇ ਕਹਿਣ ਲੱਗਾ ਕਿ ਮਹਾਰਾਜ! ਅਸੀਂ ਵੀ ਪਾਤਾਲਾਂ ਅਕਾਸ਼ ਵੇਖਣਾ ਚਾਹੁੰਦੇ ਹਾਂ, ਜਿੰਨ੍ਹਾਂ ਦੀ ਗਿਆਤ ਦੀ ਤੁਸਾਂ ਦੱਸ ਪਾਈ ਹੈ :-
ਫੇਰਿ ਦੁਰਾਇਣਿ ਦਸਤਗੀਰ ਅਸੀ ਭਿ ਵੇਖਾ ਜੋ ਤੁਹਿ ਪਾਈ॥
ਇਸ ਸਮੇਂ ਪੀਰ ਦਾ ਬੇਟਾ ਜੁਲ ਜੁਲਾਲ ਵੀ ਬੋਲ ਪਿਆ ਤੇ ਕਹਿਣ ਲੱਗਾ!ਐ ਵਲੀ ਅੱਲਾ ਬਾਬਾ ਨਾਨਕ ! ਜੋ ਗੱਲ ਤੁਸੀਂ ਭਰੀ ਮਜਲਿਸ ਵਿਚ ਆਖੀ ਹੈ ਉਸਨੂੰ ਸਾਬਤ ਕਰਕੇ ਵਿਖਾਉ।
ਉਸ ਸਮੇਂ ਮਹਾਰਾਜ ਨੇ ਜ਼ੁਲ ਜਲਾਲ ਦਾ ਹੱਥ ਫੜ ਲਿਆ ਤੇ ਕਹਿਣ ਲਗੇ ਮੀਟ ਅਖਾਂ ।
ਨਾਲਿ ਲੀਤਾ ਬੇਟਾ ਪੀਰ ਦਾ ਅਖੀ ਮੀਟਿ ਗਇਆ ਹਾਵਾਈ॥
ਲਖ ਅਕਾਸ ਪਤਾਲ ਲਖ ਅਖਿ ਫੁਰੰਕ ਵਿਚਿ ਸਭਿ ਦਿਖਲਾਈ॥ ਭਰਿ ਕਚਕੌਲ ਪ੍ਰਸਾਦਿ ਦਾ ਧੁਰੋ ਪਤਾਲੋ ਲਈ ਕੜਾਹੀ॥ ਜ਼ਾਹਰ ਕਲਾ ਨ ਛਪੈ ਛਪਾਈ ॥੩੬॥
(ਭਾਈ ਗੁਰਦਾਸ ਜੀ ))
ਭਾਈ ਵੀਰ ਸਿੰਘ ਜੀ ਅਨੁਸਾਰ ” ਬਾਬੇ ਨੇ ਪੀਰ ਦੇ ਬੇਟੇ ਦਾ ਹੱਥ ਪਕੜ ਲਿਆ ਤੇ ਉਸਨੂੰ ਬਚਨ ਕੀਤਾ ਅਖਾਂ ਮੀਟ ।ਜਦੋ ਉਸਨੇ ਅਖਾਂ ਮੀਟੀਆਂ ਤਾਂ ਉਹ ਕੀ ਦੇਖਦਾ ਹੈ ਕਿ ਮੈ ਤੇ ਗੁਰੂ ਨਾਨਕ ਆਕਾਸ਼ ਵਿੱਚ ਉਡਦੇ ਚੱਲੇ ਜਾ ਰਹੇ ਹਾਂ, ਅਣਗਿਣਤ ਸੂਰਜ ਚੰਦ ਹਨ ,ਜੇ ਗਿਨੀਏ ਤਾਂ ਅਚੰਭਾ ਹੁੰਦਾ ਜਾਵੇ, ਉਸਨੂੰ ਧਰਤੀ ਛੋਟੀ ਜਿਹੀ ਨਜ਼ਰ ਆਈ।” ਇਸ ਤਰ੍ਹਾਂ ਮਹਾਰਾਜ ਨੇ ਲੱਖਾਂ ਪਾਤਾਲ ਤੇ ਲੱਖਾਂ ਅਕਾਸ ਸਰੀਰਾਂ ਸਹਿਤ ਉਸਨੂੰ ਘੁੰਮ ਕੇ ਦਿਖਾਏ। ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਜਪੁ ਜੀ ਵਿੱਚ ਵੀ ਲੱਖਾਂ ਪਾਤਾਲ ਤੇ ਲੱਖਾਂ ਆਗਾਸ ਹੋਣ ਬਾਰੇ ਦਰਸਾਇਆ ਗਿਆ ਹੈ :-
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ (ਗੁਰੂ ਗ੍ਰੰਥ ਸਾਹਿਬ ਜੀ, ਅੰਗ 5) ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ੳਦਾਸੀਆਂ ਦੌਰਾਨ ਬਗਦਾਦ ਦੀ ਧਰਤੀ ‘ਤੇ ਜਾ ਕੇ ਧੁਰ ਕੀ ਬਾਣੀ ਦਾ ਉਪਦੇਸ਼ ਦਿੱਤਾ ਅਤੇ ਉਥੋਂ ਦੇ ਲੋਕਾਂ ਨੂੰ ਇਕ ਅਕਾਲ ਦੇ ਲੜ ਲੱਗਣ ਲਈ ਆਖਿਆ। ਪੀਰ ਦਸਤਗੀਰ ਨੇ ਗੁਰੂ ਨਾਨਕ ਜੀ ਨਾਲ ਸੰਬੰਧਤ ਇਕ ਯਾਦਗਾਰ ਅਸਥਾਨ ਵੀ ਬਣਵਾਇਆ ਜਿਸ ਅਸਥਾਨ ਤੇ ਹੁਣ ਗੁਰੂ ਸਾਹਿਬ ਨਾਲ ਸੰਬੰਧਤ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ।
ਸੁਰਜੀਤ ਸਿੰਘ ਦਿਲਾ ਰਾਮ
ਖੋਜਾਰਥੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਸੰਪਰਕ 99147-22933