ਹੁਸ਼ਿਆਰਪੁਰ (ਤਰਸੇਮ ਦੀਵਾਨਾ): ਯੂਥ ਸਿਟੀਜ਼ਨ ਕੌਂਸਲ ਪੰਜਾਬ ਇਕਾਈ ਵੱਲੋਂ ਪੱਤਰਕਾਰ ਦਲਜੀਤ ਅਜਨੋਹਾ ਨੂੰ ਅਮਰੀਕਨ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕਰਨ ਉਪਰੰਤ ਕੌਂਸਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਖੰਨਾ ਨੇ ਕਿਹਾ ਕਿ ਅਮਰੀਕਨ ਯੂਨੀਵਰਸਿਟੀ ਵੱਲੋਂ ਪੱਤਰਕਾਰ ਦਲਜੀਤ ਅਜਨੋਹਾ ਨੂੰ ਉਨ੍ਹਾਂ ਦੀਆਂ ਬਿਹਤਰ ਸਮਾਜ ਸੇਵਾ ਲਈ ਡਾਕਟਰੇਟ ਦੀ ਡਿਗਰੀ ਮਿਲਣ ਨਾਲ ਹੁਸ਼ਿਆਰਪੁਰ ਦਾ ਮਾਣ ਵਧਿਆ ਹੈ। ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕੌਂਸਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ ਨੇ ਕਿਹਾ ਕਿ ਦਲਜੀਤ ਅਜਨੋਹਾ ਇਕ ਸੁਲਝੇ ਹੋਏ ਪੱਤਰਕਾਰ ਹਨ, ਜਿਨ੍ਹਾਂ ਨੇ ਸਮਾਜਿਕ ਨਿਆਂ ਲਈ ਸ਼ਾਨਦਾਰ ਉਪਰਾਲੇ ਕੀਤੇ ਹਨ ਅਤੇ ਹਮੇਸ਼ਾ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰੇਟ ਦੀ ਡਿਗਰੀ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਹੀ ਪ੍ਰਾਪਤ ਕੀਤੀ ਹੈ। ਡਾ: ਘਈ ਨੇ ਕਿਹਾ ਕਿ ਮੀਡੀਆ ਸੰਵਿਧਾਨ ਦਾ ਚੌਥਾ ਥੰਮ ਹੈ ਜਿਸ ਰਾਹੀਂ ਜਨਤਾ ਦੀ ਆਵਾਜ਼ ਅਫ਼ਸਰਸ਼ਾਹੀ ਅਤੇ ਸਰਕਾਰ ਤੱਕ ਪਹੁੰਚਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੱਤਰਕਾਰੀ ਵਿੱਚ ਚੰਗਾ ਕੰਮ ਕਰਨ ਵਾਲੇ ਪੱਤਰਕਾਰਾਂ ਦਾ ਸਨਮਾਨ ਵੀ ਕਰਨਾ ਚਾਹੀਦਾ ਹੈ। ਡਾ: ਘਈ ਨੇ ਇਸ ਮੌਕੇ ਦਲਜੀਤ ਅਜਨੋਹਾ ਨੂੰ ਸਮੁੱਚੀ ਯੂਥ ਸਿਟੀਜ਼ਨ ਕੌਂਸਲ ਵਲੋਂ ਵਧਾਈ ਦਿੱਤੀ। ਸਮਾਗਮ ਦੌਰਾਨ ਖੰਨਾ ਨੇ ਦਲਜੀਤ ਅਜਨੋਹਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਡਾ: ਪੰਕਜ ਸ਼ਰਮਾ, ਟੋਨੂੰ ਸੇਠੀ, ਮਨੋਜ ਸ਼ਰਮਾ, ਐਡਵੋਕੇਟ ਨਵਜਿੰਦਰ ਬੇਦੀ, ਗੌਰਵ ਵਾਲੀਆ, ਐੱਸ.ਪੀ. ਦੀਵਾਨ, ਕੋਚ ਅਨਿਲ ਸ਼ਰਮਾ, ਡਾ: ਰਾਜ ਕੁਮਾਰ ਸੈਣੀ, ਡਾ: ਵਸ਼ਿਸ਼ਟ ਕੁਮਾਰ, ਨਰੇਸ਼ ਕੋਚ, ਗੌਰਵ ਸ਼ਰਮਾ, ਦਲਜੀਤ ਸਿੰਘ, ਜਸਵੀਰ ਸਿੰਘ, ਦਲਜੀਤ ਧੀਮਾਨ, ਗੌਰਵ ਸ਼ਰਮਾ, ਹਾਜੀਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ |