ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਬੀਤੇ ਦਿਨੀਂ ਰਿਪਬਲਿਕ ਆਫ ਕੋਰੀਆ ਦੇ ਡੇਗੂ ਵਿਖੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਿਲ ਹੋਏ| ਉਹਨਾਂ ਨੂੰ ਕੋਰੀਆ ਦੀ ਖੇਤੀ ਮਸ਼ੀਨਰੀ ਬਾਰੇ ਸੁਸਾਇਟੀ ਨੇ ਮੁੱਖ ਭਾਸ਼ਣ ਕਰਤਾ ਵਜੋਂ ਆਮੰਤ੍ਰਿਤ ਕੀਤਾ ਸੀ| ਇਸ ਦੌਰਾਨ ਉਹਨਾਂ ਨੇ ਕਾਨਫਰੰਸ ਵਿਚ ਮੁੱਖ ਸੁਰ ਭਾਸ਼ਣ ਦਿੱਤਾ| ਡਾ. ਮਨਜੀਤ ਸਿੰਘ ਨੇ ਮੌਜੂਦਾ ਭਾਰਤ ਵਿਚ ਡੀਜੀਟਲ ਖੇਤੀਬਾੜੀ ਦੀ ਰੂਪਰੇਖਾ ਅਤੇ ਮੂਜੌਦਾ ਸਥਿਤੀ ਵਿਸ਼ੇ ਤੇ ਭਾਸ਼ਣ ਦਿੱਤਾ| ਇਸ ਦੌਰਾਨ ਉਹਨਾਂ ਨੇ ਐਕਸੋਡੇਗੂ ਵਿਖੇ ਰਾਸ਼ਟਰ ਪੱਧਰੀ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ| ਇਸ ਪ੍ਰਦਰਸ਼ਨੀ ਵਿਚ ਫਸਲ ਉਤਪਾਦਨ, ਸੰਭਾਲ ਅਤੇ ਪ੍ਰੋਸੈਸਿੰਗ ਨਾਲ ਸੰਬੰਧਿਤ ਨਵੀਨ ਖੇਤੀ ਮਸ਼ੀਨਰੀ ਪ੍ਰਦਰਸ਼ਿਤ ਕੀਤੀ ਗਈ ਸੀ| ਉਹਨਾਂ ਨੇ ਹਾਈਡ੍ਰੋਜਨ ਗੈਸ ਨਾਲ ਚੱਲਣ ਵਾਲਾ ਟਰੈਕਟਰ, ਫਲ ਤੋੜਨ ਵਾਲਾ ਰੋਬੋਟ, ਸਵੈਚਾਲਿਤ ਸਪਰੇਅਰ ਆਦਿ ਨੂੰ ਗਹੁ ਨਾਲ ਦੇਖਿਆ| ਡਾ. ਮਨਜੀਤ ਸਿੰਘ ਨੇ ਕਿਹਾ ਕਿ ਕੋਰੀਅਨ ਕਿਸਾਨ ਤਕਨਾਲੋਜੀ ਪੱਖੋਂ ਬੜੇ ਅਗਾਂਹਵਧੂ ਅਤੇ ਸਮਾਰਟ ਖੇਤੀਬਾੜੀ ਵਿਧੀਆਂ ਦੇ ਧਾਰਨੀ ਹਨ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਮਨਜੀਤ ਸਿੰਘ ਨੂੰ ਇਸ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇਸ ਤਜਰਬੇ ਨੂੰ ਪੰਜਾਬ ਦੇ ਕਿਸਾਨਾਂ ਦੀ ਬਿਹਤਰੀ ਲਈ ਵਰਤੋਂ ਵਿਚ ਲਿਆਉਣਗੇ|