ਸੰਗਰੂਰ(ਜਗਸੀਰ ਲੌਂਗੋਵਾਲ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਵੱਲੋਂ ਕਿਸਾਨਾਂ ਦੀ ਮੰਗ ਉੱਤੇ ਕਣਕ ਦੀ ਜੈਵਿਕ ਖੇਤੀ ਅਤੇ ਗੰਡੋਆ ਖਾਦ ਤਿਆਰ ਕਰਨ ਬਾਰੇ ਇੱਕ-ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ 30 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਨਿੱਘਾ ਸੁਆਗਤ ਕਰਦਿਆਂ ਮੌਜੂਦਾ ਸਮੇਂ ਵਿੱਚ ਜੈਵਿਕ ਖੇਤੀ ਦੀ ਮਹੱਤਤਾ ਅਤੇ ਲੋੜ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਸਿਰ ਕਿਸਾਨਾਂ ਦੀ ਮੰਗ ਮੁਤਾਬਿਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਉਹਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਵਪਾਰਕ ਪੱਧਰ ‘ਤੇ ਵੀ ਕਰਨ ਦਾ ਸੁਝਾਅ ਦਿੱਤਾ।
ਡਾ. ਰੁਕਿੰਦਰ ਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਵਪਾਰਕ ਪੱਧਰ ‘ਤੇ ਗੰਡੋਆ ਖਾਦ ਤਿਆਰ ਕਰਨ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਅਤੇ ਕਣਕ ਦੀ ਜੈਵਿਕ ਖੇਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਅਮਰਜੀਤ ਸਿੰਘ ਮਾਨ, ਡਾਇਰੈਕਟਰ, ਉੱਦਮੀ ਕਿਸਾਨ ਉਤਪਾਦਕ ਸਗੰਠਨ, ਸੰਗਰੂਰ ਨੇ ਮਨੁੱਖ ਦੀ ਚੰਗੀ ਸਿਹਤ ਲਈ ਜੈਵਿਕ ਖੇਤੀ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਸੰਗਰੂਰ ਸ਼ਹਿਰ ਵਿੱਚ ਪਿਛਲੇ ਤਿੰਨ ਸਾਲ ਅਤੇ ਸੁਨਾਮ ਵਿੱਚ ਦੋ ਸਾਲਾਂ ਤੋਂ ਪਹਿਲ ਮੰਡੀ ਰਾਹੀਂ ਜੈਵਿਕ ਖੇਤੀ ਦੀ ਉਪਜ ਦਾ ਸਫ਼ਲ ਮੰਡੀਕਰਨ ਕੀਤਾ ਜਾ ਰਿਹਾ ਹੈ। ਸ੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਜੈਵਿਕ ਖੇਤੀ ਅਧਿਕਾਰੀ, ਪੰਜਾਬ ਐਗਰੋ ਨੇ ਉਹਨਾਂ ਦੇ ਅਦਾਰੇ ਦੁਆਰਾ ਜੈਵਿਕ ਖੇਤੀ ਸ਼ੁਰੂ ਕਰ ਵਾਲੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰੀਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਰੂਰੀ ਨਿਯਮਾਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਐਗਰੋ ਵੱਲੋੰ ਰਜਿਸਟਰਡ ਕਿਸਾਨਾਂ ਦੀ ਜੈਵਿਕ ਉਪਜ ਦੀ ਸਮੇਂ-ਸਮੇਂ ‘ਤੇ ਵੱਧ ਰੇਟ ‘ਤੇ ਕੀਤੀ ਜਾਂਦੀ ਖਰੀਦ ਸਬੰਧੀ ਵੀ ਦੱਸਿਆ। ਜ਼ਿਲ੍ਹਾ ਸੰਗਰੂਰ ਦੇ ਜੈਵਿਕ ਖੇਤੀ ਕਰਨ ਵਾਲੇ ਪ੍ਰਸਿੱਧ ਕਿਸਾਨ ਸ. ਇਕਬਾਲ ਸਿੰਘ ਸੰਧੂ, ਪਿੰਡ ਡਸਕਾ ਨੇ ਕਿਸਾਨਾਂ ਨੂੰ ਕਣਕ, ਸਰ੍ਹੋਂ ਅਤੇ ਸਬਜ਼ੀਆਂ ਦੀ ਜੈਵਿਕ ਖੇਤੀ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਬੈਡਾਂ ਉੱਤੇ ਬੀਜਣ ਅਤੇ ਝੋਨੇ ਦੀ ਪਰਾਲੀ ਨੂੰ ਮੱਲਚ ਵੱਜੋਂ ਵਰਤਣ ਦੀ ਜਾਣਕਾਰੀ ਵੀ ਦਿੱਤੀ। ਉਹਨਾਂ ਜੈਵਿਕ ਖੇਤੀ ਵਿੱਚ ਦੇਸੀ ਬੀਜਾਂ ਅਤੇ ਜੀਵਾਣੂੰਆਂ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਕਿਸਾਨਾਂ ਵੱਲੋਂ ਜੈਵਿਕ ਖੇਤੀ ਬਾਰੇ ਪੁੱਛੇ ਗਏ ਅਨੇਕਾਂ ਸੁਆਲਾਂ ਦੇ ਜਵਾਬ ਦਿੱਤੇ ਗਏ ਅਤੇ ਜੈਵਿਕ ਖੇਤੀ ਸਬੰਧੀ ਖੇਤੀ ਸਹਿਤ ਵੰਡਿਆ ਗਿਆ।