ਲੌਂਗੋਵਾਲ (ਜਗਸੀਰ ਸਿੰਘ): ਅੱਜ ਨੇੜਲੇ ਪਿੰਡ ਸ਼ੇਰੋਂ ਦੀ ਸ੍ਰੀ ਸ੍ਰੀ ਚੰਦਰ ਗਊਸ਼ਾਲਾ (ਡੇਰਾ ਨਿੰਮ ਵਾਲਾ) ਵਿਖੇ ਪਸੂ ਪਾਲਣ ਵਿਭਾਗ ਵੱਲੋਂ ਗਊ ਸੇਵਾ ਕਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਗਊ ਭਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ 25000 ਰੁਪਏ ਦੀ ਦਵਾਈ ਗਊਸ਼ਾਲਾ ਨੂੰ ਦਿੱਤੀ ਗਈ ।ਇਸ ਮੌਕੇ ਉਚੇਚੇ ਤੌਰ ਤੇ ਸ੍ਰੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਨੇ ਸਿਰਕਤ ਕੀਤੀ ਅਤੇ ਦੇਸੀ ਗਾਵਾਂ ਵਿੱਚ ਨਸਲ ਸੁਧਾਰ ਕਰਨ ਲਈ ਪਸ਼ੂ ਪਾਲਕਾਂ ਨੂੰ ਪ੍ਰੇਰਿਤ ਕੀਤਾ । ਇਸ ਦੇ ਨਾਲ ਹੀ ਸ.ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ ਪੰਜਾਬ ਨੇ ਵੀ ਆਪਣੀ ਹਾਜ਼ਰੀ ਲਗਵਾਈ ਅਤੇ ਪਸ਼ੂਆਂ ਦੇ ਵਧੀਆ ਨਸਲ ਦੇ ਟੀਕੇ ਲਵਾਉਣ ਲਈ ਕਿਸਾਨਾਂ ਨੂੰ ਸਮਝਾਇਆ । ਇਸ ਸਮੇਂ ਡਾਕਟਰ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜਿਲ੍ਹਾ ਸੰਗਰੂਰ ਵੱਲੋਂ ਗਊਸ਼ਾਲਾ ਅਤੇ ਪਿੰਡ ਦੇ ਪਸ਼ੂ ਪਾਲਕਾਂ ਨੂੰ ਵਿਭਾਗ ਵਿੱਚ ਚੱਲ ਰਹੀਆਂ ਵੱਖ -ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ,ਨਾਲ ਹੀ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਸੁਨਾਮ ਨੇ ਪਸ਼ੂਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉ ਲਈ ਵੈਕਸੀਨ ਲਗਵਾਉਣ ਲਈ ਕਿਹਾ। ਇਸ ਮੌਕੇ ਡਾਕਟਰ ਦੁਸਿਅੰਤ ਕੁਮਾਰ ਵੈਟਨਰੀ ਅਫਸਰ ਸ਼ੇਰੋਂ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ, ਡਾਕਟਰ ਜਤਿੰਦਰ ਪਾਲ ਵੈਟਨਰੀ ਅਫਸਰ ਧਰਮਗੜ੍ਹ ਵੱਲੋਂ ਪਸ਼ੂਆਂ ਦੀ ਫੀਡ ਸਬੰਧੀ ਦੱਸਿਆ ਗਿਆ। ਡਾਕਟਰ ਨਿਸ਼ਾਂਤ ਬਾਂਸਲ ਵੈਟਨਰੀ ਅਫਸਰ ਨਮੋਲ ਨੇ ਕਟਰੂਆਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਅੰਤ ਵਿੱਚ ਸ੍ਰੀ ਸ੍ਰੀ ਚੰਦਰ ਗਊਸ਼ਾਲਾ (ਡੇਰਾ ਨਿੰਮ ਵਾਲਾ) ਮੁੱਖ ਸੇਵਾਦਾਰ ਦੇ ਡਾਕਟਰ ਚੰਦਰ ਮੁਨੀ ਜੀ ਨੇ ਪਸ਼ੂ ਪਾਲਕਾਂ ਨੂੰ ਗਊ ਸੇਵਾ ਕਰਨ ਅਤੇ ਦੇਸੀ ਗਊਆਂ ਰੱਖਣ ਦਾ ਸੰਦੇਸ਼ ਦਿੱਤਾ । ਉਨ੍ਹਾਂ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਸ੍ਰੀ ਅਸ਼ੋਕ ਕੁਮਾਰ ਲੱਖਾ, ਚੇਅਰਮੈਨ ਪਨਸੀਡ ਪੰਜਾਬ ਸ.ਮਹਿੰਦਰ ਸਿੰਘ ਸਿੱਧੂ ਅਤੇ ਪਸੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।