ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਦੇ ਉਪਰਾਲੇ ਪ੍ਰਸੰਸਾਯੋਗ : ਪੰਨਾ ਲਾਲ
ਕੋਟਕਪੂਰਾ : ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵਲੋਂ ਸਥਾਨਕ ਡਾ ਹਰੀ ਸਿੰਘ ਸੇਵਕ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ 526ਵੇਂ ਸਨਮਾਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸੁਨੀਲ ਕੁਮਾਰ ਗਰੋਵਰ (ਬਿੱਟਾ ਠੇਕੇਦਾਰ), ਵਿਸ਼ੇਸ਼ ਮਹਿਮਾਨ ਪ੍ਰਕਾਸ਼ ਚੰਦ ਗਰੋਵਰ ਅਤੇ ਸੰਦੀਪ ਗਰੋਵਰ ਨੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਿਆਂ ਆਖਿਆ ਕਿ ਅੱਜ ਸਮਾਜਿਕ ਕੁਰੀਤੀਆਂ ਤੋਂ ਬਚ ਕੇ ਆਪਣੇ ਭਵਿੱਖ ਸੰਵਾਰਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖ ਰਹੇ ਨੌਜਵਾਨ ਲੜਕੇ-ਲੜਕੀਆਂ ਨੂੰ ਆਪਣੇ ਮਾਪਿਆਂ ਸਮੇਤ ਨਗਰ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਬੜੀ ਸਾਵਧਾਨੀ ਵਰਤਣੀ ਪਵੇਗੀ। ਸੁਸਾਇਟੀ ਦੇ ਪ੍ਰਧਾਨ ਮਾ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਮੁਖਤਿਆਰ ਸਿੰਘ ਮੱਤਾ, ਪੇ੍ਰਮ ਚਾਵਲਾ, ਰਜਿੰਦਰ ਸਿੰਘ ਸਰਾਂ, ਸੋਮਇੰਦਰ ਸੁਨਾਮੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਲਈ ਇਸ ਵਾਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੰਦਿਆਂ ਆਖਿਆ ਕਿ ਦਿਨੋ ਦਿਨ ਪਲੀਤ ਹੁੰਦੇ ਜਾ ਰਹੇ ਵਾਤਾਵਰਣ ਕਾਰਨ ਭਿਆਨਕ ਬਿਮਾਰੀਆਂ ਦਾ ਪਸਾਰਾ ਹੁੰਦਾ ਜਾ ਰਿਹਾ ਹੈ। ਉਹਨਾਂ ਬੱਚਿਆਂ ਨੂੰ ਫਿਰਕਾਪ੍ਰਸਤੀ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਮੁਖੀ ਪਿ੍ਰੰਸੀਪਲ ਪੰਨਾ ਲਾਲ ਨੇ ਸੁਸਾਇਟੀ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਵਿਦਿਅਕ ਅਦਾਰੇ ਸੰਭਾਲਣ ਦੀ ਲੋੜ ’ਤੇ ਜੋਰ ਦਿੱਤਾ। ਅੰਤ ਵਿੱਚ ਸੁਸਾਇਟੀ ਵਲੋਂ ਮੁੱਖ ਮਹਿਮਾਨ ਅਤੇ ਸਕੂਲ ਮੁਖੀ ਸਮੇਤ ਹੁਸ਼ਿਆਰ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ), ਡਾ ਰਵਿੰਦਰਪਾਲ ਕੋਛੜ, ਗੋਪਾਲ ਕਿ੍ਰਸ਼ਨ ਵੋਹਰਾ, ਪਰਮਜੀਤ ਸਿੰਘ ਮੱਕੜ, ਸਰਨ ਕੁਮਾਰ, ਸਮਰ ਗਰੋਵਰ ਆਦਿ ਸਮੇਤ ਸਮੁੱਚਾ ਸਟਾਫ ਵੀ ਹਾਜਰ ਸੀ।