ਸੁਨਾਮ ਊਧਮ ਸਿੰਘ ਵਾਲਾ( ਜਗਸੀਰ ਲੌਂਗੋਵਾਲ): ਨਸ਼ਾ ਮੁਕਤ ਪੰਜਾਬ ਦੀ ਸੂਬਾਈ ਟੀਮ ਨੇ ਸੂਬਾਈ ਕਨਵੀਨਰ ਮਦਨਜੀਤ ਸਿੰਘ ਦੀ ਅਗਵਾਈ ਹੇਠ ਗਵਰਨਰ ਹਾਊਸ ਵਿਖੇ ਪੰਜਾਬ ਦੇ ਮਾਣਯੋਗ ਰਾਜਪਾਲ ਮਹਾਮਹਿਮ ਗੁਲਾਬਚੰਦ ਕਟਾਰੀਆ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਮਾਨਯੋਗ ਰਾਜਪਾਲ ਨਾਲ ਨਸ਼ਾ ਮੁਕਤ ਪੰਜਾਬ ਦੁਆਰਾ ਕੀਤੀਆਂ ਜਾ ਰਹੇ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਹ ਜਾਣਕਾਰੀ ਨਸ਼ਾ ਮੁਕਤ ਪੰਜਾਬ ਦੇ ਸੂਬਾਈ ਕੋ-ਕਨਵੀਨਰ ਡਾ: ਅਮਿਤ ਕਾਂਸਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਹੁਣ ਲੋਕ ਲਹਿਰ ਬਣ ਚੁੱਕਾ ਹੈ ਅਤੇ ਪੰਜਾਬ ਦਾ ਹਰ ਮਾਂ-ਬਾਪ ਇਹ ਸੋਚ ਰਿਹਾ ਹੈ ਕਿ ਆਪਣੇ ਧੀਆਂ-ਪੁੱਤਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਕਿਵੇਂ ਬਚਾਇਆ ਜਾਵੇ। ਅਜਿਹੇ ਮਾਪਿਆਂ ਦੇ ਸੁਪਨੇ ਨੂੰ ਪੂਰਾ ਕਰਦਿਆਂ ਨਸ਼ਾ ਮੁਕਤ ਪੰਜਾਬ ਮੁਹਿੰਮ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ। ਜਿਸ ਕਾਰਨ ਨਸ਼ਾ ਮੁਕਤ ਪੰਜਾਬ ਵੱਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਕੀਤੇ ਜਾ ਰਹੇ ਹਨ। ਡਾ: ਕਾਂਸਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਪੰਜਾਬ ਦੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਵਿੱਦਿਅਕ ਸੰਸਥਾਵਾਂ, ਬੁੱਧੀਜੀਵੀਆਂ, ਨੌਜਵਾਨਾਂ ਅਤੇ ਹਰ ਵਰਗ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਾਡੇ ਨੌਜਵਾਨ ਪਵਿੱਤਰ ਗੁਰਬਾਣੀ ਅਤੇ ਸ਼੍ਰੀ ਭਾਗਵਤ ਗੀਤਾ ਦਾ ਆਸਰਾ ਲੈਣ ਤਾਂ ਯਕੀਨਨ ਹੀ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚਿਆ ਜਾ ਸਕਦਾ ਹੈ। ਡਾ: ਕਾਂਸਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼੍ਰੀ ਭਾਗਵਤ ਗੀਤਾ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਲੋਕ ਇਸ ਨਾਲ ਜੁੜ ਸਕਣ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਬਚ ਸਕਣ। ਉਨ੍ਹਾਂ ਦੱਸਿਆ ਕਿ ਮਾਨਯੋਗ ਰਾਜਪਾਲ ਨਾਲ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਪ੍ਰਚਾਰਕ ਅਤੇ ਉੱਤਰੀ ਜ਼ੋਨ ਦੇ ਸੰਪਰਕ ਪ੍ਰਮੁੱਖ ਜਸਵੀਰ ਸਿੰਘ, ਨਸ਼ਾ ਮੁਕਤ ਪੰਜਾਬ ਦੇ ਸੂਬੇ ਦੇ ਵਿੱਤ ਸਕੱਤਰ ਅਸ਼ੋਕ ਸਿੰਗਲਾ, ਰਿੰਪੀ ਸੂਰੀ ਆਦਿ ਵੀ ਹਾਜ਼ਰ ਸਨ।