* ਇਸ ਸਮੱਸਿਆਂ ਬਾਰੇ ਮੈਨੂੰ ਅੱਜ ਤੱਕ ਕੋਈ ਜਾਣਕਾਰੀ ਨਹੀਂ ਸੀ, ਹੁਣ ਇਹ ਸਮੱਸਿਆਂ ਮੇਰੇ ਧਿਆਨ ਵਿੱਚ ਆ ਚੁੱਕੀ ਹੈ ਅਤੇ ਜਲਦੀ ਇਸ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ: ਕਾਰਜ ਸਾਧਕ ਅਫਸਰ.
ਮਮਦੋਟ ( ਜੋਗਿੰਦਰ ਸਿੰਘ ਭੋਲਾ , ਭੁਪਿੰਦਰ ਨਰੂਲਾ ): ਨਗਰ ਪੰਚਾਇਤ ਮਮਦੋਟ ਅਧੀਨ ਆਉਂਦੇ ਵਾਰਡ ਨੰਬਰ 2 ਦੇ ਵਸਨੀਕ ਨਾਲੀਆਂ ਅਤੇ ਸੀਵਰੇਜ ਦੇ ਗੰਦੇ ਪਾਣੀ ਦੇ ਗਲੀ ਵਿੱਚ ਖੜੇ ਹੋਣ ਤੋਂ ਬਹੁਤ ਪਰੇਸ਼ਾਨੀ ਦੇ ਮਾਹੌਲ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਹਨ। ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਕਈ ਵਾਰ ਨਗਰ ਪੰਚਾਇਤ ਦੇ ਅਧਿਕਾਰੀਆਂ, ਹਲਕਾ ਵਿਧਾਇਕ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਇਸ ਸਮੱਸਿਆਂ ਦਾ ਕੋਈ ਹੱਲ ਨਿਕਲਦਾ ਨਹੀਂ ਦਿਖ ਰਿਹਾ।
ਇਸ ਸਬੰਧੀ ਨਗਰ ਪੰਚਾਇਤ ਮਮਦੋਟ ਅਧੀਨ ਵਾਰਡ ਨੰਬਰ 2 ਬਸਤੀ ਪਠਾਣਾ ਵਾਲੇ ਦੇ ਵਸਨੀਕ ਬੂਟਾ ਸਿੰਘ, ਸਤਪਾਲ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ ਅਤੇ ਜੱਸਾ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਲਗਭਗ ਡੇਢ ਸਾਲ ਤੋਂ ਉਹ ਇਸ ਸੀਵਰੇਜ ਅਤੇ ਗੰਦੇ ਨਾਲੇ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਲਗਭਗ ਸਾਲ ਡੇਢ ਸਾਲ ਤੋਂ ਉਹ ਇੰਨਾ ਜਿਆਦਾ ਪਰੇਸ਼ਾਨ ਹੋ ਚੁੱਕੇ ਹਨ ਕਿ ਉਹਨਾਂ ਨੂੰ ਗੰਦਗੀ ਵਿੱਚ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗੰਦੇ ਪਾਣੀ ਵਿੱਚੋਂ ਲੰਘ ਕੇ ਹੀ ਕਿਸੇ ਕੰਮ ਕਾਰ ਲਈ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੂੰ ਵੀ ਗੰਦੇ ਪਾਣੀ ਵਿੱਚੋਂ ਲੰਘ ਕੇ ਬੜੀ ਹੀ ਮੁਸ਼ਕਿਲ ਨਾਲ ਸਕੂਲ ਜਾਣਾ ਪੈਂਦਾ ਹੈ। ਜਿਸ ਕਾਰਨ ਵਾਰਡ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਵਾਰਡ ਵਾਸੀਆਂ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਉੱਪਰ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਗਲੀ ਵਿੱਚ ਇਕੱਠਾ ਹੋਣ ਤੋਂ ਬਾਅਦ ਘਰਾਂ ਦੇ ਅੰਦਰ ਵੀ ਸੀਵਰੇਜ ਦਾ ਪਾਣੀ ਜਾ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਸਾਡੇ ਵੱਲੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਸਥਾਨਕ ਵਿਧਾਇਕ ਨੂੰ ਵੀ ਵਾਰ-ਵਾਰ ਕਹਿਣ ਦੇ ਬਾਵਜੂਦ ਉਹਨਾਂ ਦੀ ਇਸ ਸਮੱਸਿਆਂ ਦਾ ਕੋਈ ਹੱਲ ਨਹੀਂ ਹੋ ਰਿਹਾ। ਉਹਨਾਂ ਅੱਗੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀਆਂ ਵੱਲੋਂ ਹਮੇਸ਼ਾਂ ਝੂਠੇ ਲਾਰੇ ਅਤੇ ਵਾਅਦੇ ਹੀ ਕੀਤੇ ਜਾਂਦੇ ਹਨ, ਪਰ ਅਜੇ ਤੱਕ ਵੀ ਗੰਦੇ ਪਾਣੀ ਦੀ ਇਸ ਸਮੱਸਿਆਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਵਾਰਡ ਵਾਸੀ ਸਤਪਾਲ ਸਿੰਘ ਜਿਸ ਨੂੰ ਅੱਖਾਂ ਤੋਂ ਬਿਲਕੁਲ ਦਿਖਾਈ ਨਹੀਂ ਦਿੰਦਾ ਉਸ ਨੇ ਵੀ ਕਿਹਾ ਕਿ ਸਾਨੂੰ ਬਹੁਤ ਹੀ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਇਸ ਸਮੱਸਿਆਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਤਾਂ ਮਜਬੂਰਨ ਵਾਰਡ ਵਾਸੀ ਨਗਰ ਪੰਚਾਇਤ ਮਮਦੋਟ ਦੇ ਦਫਤਰ ਸਾਹਮਣੇ ਰੋਸ ਧਰਨਾ ਦੇਣਗੇ।
ਇਸ ਸੰਬੰਧੀ ਜਦੋਂ ਨਗਰ ਪੰਚਾਇਤ ਮਮਦੋਟ ਦੇ ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਸਮੱਸਿਆਂ ਬਾਰੇ ਅੱਜ ਤੱਕ ਕੋਈ ਜਾਣਕਾਰੀ ਨਹੀਂ ਸੀ, ਹੁਣ ਇਹ ਸਮੱਸਿਆਂ ਮੇਰੇ ਧਿਆਨ ਵਿੱਚ ਆ ਚੁੱਕੀ ਹੈ ਅਤੇ ਜਲਦੀ ਇਸ ਦਾ ਪੱਕੇ ਤੌਰ ਤੇ ਹੱਲ ਕੀਤਾ ਜਾਵੇਗਾ।