ਹਠੂਰ ( ਕੌਸ਼ਲ ਮੱਲ੍ਹਾ ) :ਇਲਾਕੇ ਦੀਆਂ ਵੱਖ -ਵੱਖ ਕਿਸਾਨ ਮਜ਼ਦੂਰ ਜੱਥੇਬੰਦੀਆਂ ਵਲੋਂ ਪੁਲਿਸ ਅੱਤਿਆਚਾਰਾਂ ਖਿਲਾਫ ਸਥਾਨਕ ਥਾਣਾ ਸਿਟੀ ਮੂਹਰੇ ਧਰਨਾ ਅੱਜ ਵੀ ਜਾਰੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਜਗਰਾਓਂ, ਰਣਜੀਤ ਸਿੰਘ ਗੁੜੇ, ਜੱਥੇਦਾਰ ਸੁਰੈਣ ਸਿੰਘ ਧੂਰਕੋਟ, ਸੋਹਣ ਸਿੰਘ ਸਬੱਦੀ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਆਮ ਲੋਕਾਂ ਦੇ ਮਸਲੇ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਸਰਕਾਰ ਦੇ ਰਾਜ ਵਿੱਚ ਆਮ ਲੋਕ ਤਰਾਹ-ਤਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਵਿੱਚ ਪੰਜਾਬ ਸਰਕਾਰ ਦੇ ਸਿਵਲ ਤੇ ਪੁਲਿਸ ਅਧਿਕਾਰੀ ਵਲੋਂ ਲੋਕ ਮਸਲਿਆਂ ਦੀ ਬਿਲਕੁੱਲ ਸੁਣਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਜਾਇਜ਼ ਹਿਰਾਸਤ ਵਿੱਚ ਕੀਤੇ ਪੁਲਿਸ ਅੱਤਿਆਚਾਰਾਂ ਖਿਲਾਫ ਲਗਾਏ ਪੱਕੇ ਧਰਨੇ ਨੂੰ ਅੱਜ ਪੌਣੇ ਤਿੰਨ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕਈ ਉੱਚ ਅਧਿਕਾਰੀਆਂ ਦੀ ਰਿਪੋਰਟਾਂ ਅਤੇ ਕਮਿਸ਼ਨਾਂ ਦੇ ਹੁਕਮਾਂ ਦੇ ਬਾਵਜੂਦ ਪੀੜਤ ਪਰਿਵਾਰਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਪੀੜਤ ਪਰਿਵਾਰ ਕਹਿਰ ਦੀ ਗਰਮੀ ਅਤੇ ਕਹਿਰ ਦੀ ਸਰਦੀ ਝੱਲਦੇ ਹੋਏ ਨਿਆਂ ਦੀ ਪੂਰਤੀ ਲਈ ਡਟੇ ਹੋਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸਾਧੂ ਸਿੰਘ ਅੱਚਰਵਾਲ ਨੇ ਵੱਖਰੇ ਬਿਆਨ ਵਿੱਚ ਕਿਹਾ ਕਿ ਜਲਦੀ ਹੀ ਸਾਂਝੀ ਮੀਟਿੰਗ ਬੁਲਾਕੇ ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਵੱਲ ਰੋਸ ਮੁਜਾਹਰਾ ਕਰਨ ਸਬੰਧੀ ਪ੍ਰੋਗਰਾਮ ਉਲੀਕਿਆ ਜਾਵੇਗਾ। ਦੱਸਣਯੋਗ ਹੈ ਕਿ ਪੁਲਿਸ ਹਿਰਾਸਤ ਵਿੱਚ ਅੱਤਿਆਚਾਰ ਦੇ ਇਸ ਮਾਮਲੇ ਸਬੰਧੀ ਦਰਜ ਮੁਕੱਦਮੇ ਨੂੰ ਕੈਂਸਲ ਕਰਕੇ ਅਖਰਾਜ਼ ਰਿਪੋਰਟ ਅਦਾਲਤ ਅੱਗੇ ਪੇਸ਼ ਕਰ ਸੀ ਜੋਕਿ ਵਿਸ਼ੇਸ਼ ਅਦਾਲਤ ਵਲੋਂ ਨਾ-ਮਨਜੂਰ ਕਰਦਿਆਂ ਮਹਿਲਾ ਅਧਿਕਾਰੀ ਏਆਈਜੀ ਜਾਂ ਉਚ ਅਧਿਕਾਰੀ ਤੋਂ ਅਗਲੇਰੀ ਤਫਤੀਸ਼ ਕਰਵਾਉਣ ਦੇ ਹੁਕਮ ਦਿੱਤੇ ਹਨ। ਆਗੂਆਂ ਨੇ ਗ਼ਲਤ ਤੇ ਝੂਠੀ ਰਿਪੋਰਟ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਰਹੇ ਏਆਈਜੀ ਖਿਲਾਫ਼ ਧਾਰਾ 166-ਏ ਅਧੀਨ ਮੁਕੱਦਮਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ। ਇਥੇ ਇਹ ਦੱਸਣਾ ਵੀ ਯੋਗ ਹੋਵੇਗਾ ਕਿ ਪੀੜਤ ਪਰਿਵਾਰ ਤੇ ਆਗੂ ਸ਼ੁਰੂ ਤੋਂ ਹੀ ਏਆਈਜੀ ‘ਤੇ ਪੱਖਪਾਤ ਕਰਨ ਦੇ ਇਲਜ਼ਾਮ ਲਗਾ ਰਹੇ ਸਨ। ਪੀੜਤਾਂ ਨੇ ਏਆਈਜੀ ਖਿਲਾਫ ਕਾਰਵਾਈ ਲਈ ਵਿਜੀਲੈਂਸ ਵਿਭਾਗ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਵੀ ਭੇਜ ਕੇ ਧਾਰਾ 166-ਏ ਅਧੀਨ ਕਾਰਵਾਈ ਕਰਨ ਲਈ ਲਿਖਿਆ ਹੋਇਆ ਹੈ। ਇਸ ਸਮੇਂ ਵੱਖ -ਵੱਖ ਜੱਥੇਬੰਦੀਆਂ ਦੇ ਵਰਕਰ ਹਰਪਾਲ ਸਿੰਘ ਸਬੱਦੀ, ਗੁਰਦੀਪ ਸਿੰਘ ਸਬੱਦੀ, ਹਰੀ ਸਿੰਘ ਚਚਰਾੜੀ, ਗੁਰਦਿਆਲ ਸਿੰਘ ਤਲਵੰਡੀ, ਅਜਾਇਬ ਸਿੰਘ ਅਖਾੜਾ, ਜਸਪ੍ਰੀਤ ਸਿੰਘ ਢੋਲਣ, ਅਜਮੇਰ ਸਿੰਘ ਜਗਰਾਓਂ, ਬਲਦੇਵ ਸਿੰਘ ਜਗਰਾਓਂ, ਕੁਲਦੀਪ ਸਿੰਘ ਜਗਰਾਓਂ, ਹਕੀਕਤ ਸਿੰਘ ਧੂਰਕੋਟ ਆਦਿ ਹਾਜ਼ਰ ਸਨ।