ਸੰਗਰੂਰ(ਜਗਸੀਰ ਲੌਂਗੋਵਾਲ):ਪੰਜਾਬੀ ਦੇ ਦਾਰਸ਼ਨਿਕ ਵਿਦਵਾਨ, ਉਤਕ੍ਰਿਸ਼ਟ ਚਿੰਤਕ, ਸਾਹਿਤ ਰਤਨ ਡਾ. ਤੇਜਵੰਤ ਮਾਨ ਦਾ 82ਵਾਂ ਜਨਮ ਦਿਨ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਜ਼ਿਲਾ ਭਾਸ਼ਾ ਦਫਤਰ ਸੰਗਰੂਰ, ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੀ.ਸੀ. ਦਫਤਰ ਦੇ ਕਮੇਟੀ ਰੂਮ ਵਿਖੇ ਇੱਕ ਗੰਭੀਰ ਸੰਵਾਦ ਰਚਾ ਕੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ, ਡਾ. ਰਣਜੋਧ ਸਿੰਘ ਸ਼ਾਮਲ ਹੋਏ। ਡਾ. ਸਵਰਾਜ ਨੇ ਬੋਲਦੇ ਹੋਏ ਕਿਹਾ ਕਿ, “ਅੱਜ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਡੇ ਜ਼ਿਆਦਾਤਰ ਬੁੱਧਜੀਵੀ ਨਕਲੀ ਜਾਂ ਅਖੌਤੀ ਹੀ ਕਹੇ ਜਾ ਸਕਦੇ ਹਨ। ਅੱਜ ਪੰਜਾਬ ਬੌਧਿਕ ਅਗਵਾਈ ਤੋਂ ਵਾਂਝਾ ਹੈ ਅਤੇ ਬੌਧਿਕ ਕੰਗਾਲੀ ਦੀ ਸਥਿਤੀ ਵਿੱਚ ਹੈ। ਪੰਜਾਬ ਦੇ ਬੁੱਧੀਜੀਵੀ ਜਿਆਦਾਤਰ ਦੋ ਧਿਰਾਂ ਵਿੱਚ ਵੰਡੇ ਹੋਏ ਹਨ। ਸਿੱਖ ਅਤੇ ਮਾਕਰਸਵਾਦੀ ਧਿਰ, ਇਹ ਦੋਨੋ ਇੱਕ ਦੂਜੇ ਨੂੰ ਬੇਅਸਰ ਕਰ ਰਹੇ ਹਨ। ਪ੍ਰੰਤੂ ਦੋਨੋਂ ਹੀ ਆਰਥਿਕਵਾਦ ਦਾ ਸ਼ਿਕਾਰ ਹਨ। ਆਰਥਿਕਵਾਦ ਤੋਂ ਪ੍ਰਭਾਵਿਤ ਹੋ ਕੇ ਜ਼ਿਆਦਾਤਰ ਮਾਰਕਸਵਾਦੀ ਹਰੇ ਇਨਕਲਾਬ ਅਤੇ ਪ੍ਰਵਾਸ ਬਾਰੇ ਸਹੀ ਸਟੈਂਡ ਨਹੀਂ ਲੈ ਸਕੇ। ਉਹ ਜ਼ਿਆਦਾਤਰ ਸਾਮਰਾਜੀ ਰਚੇ ਇਨਕਲਾਬ ਅਤੇ ਸਾਮਰਾਜੀ ਪ੍ਰਵਾਸ ਦੇ ਹੱਕ ਵਿੱਚ ਭੁਗਤੇ ਹਨ, ਜ਼ਿਆਦਾਤਰ ਮਾਰਕਸਵਾਦੀਆਂ ਨੇ ਧਰਮ ਵਿਰੁੱਧ ਅਤੇ ਨਾਸਤਿਕਤਾ ਦੇ ਹੱਕ ਵਿੱਚ ਸਟੈਂਡ ਲਿਆ ਹੈ । ਡਾ. ਤੇਜਵੰਤ ਮਾਨ ਨੇ ਜਮੂਦੀ ਮਾਰਕਸਵਾਦ ਤੋਂ ਪਰ੍ਹੇ ਹਟ ਕੇ ਆਪਣੇ ਸੱਭਿਆਚਾਰ ਅਤੇ ਵਿਰਾਸਤ ਤੋਂ ਹਾਂ ਪੱਖੀ ਅੰਸ਼ ਅਪਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ‘ਸ਼੍ਰੀ ਗੁਰੂ ਗ੍ਰੰਥ ਸਾਹਿਬ* ਵਿੱਚ ਅੰਕਿਤ ਇੱਕ ਸਭਿਅਕ ਅਤੇ ਚੇਤੰਨ ਮਨੁੱਖ ਦੇ ਸੰਕਲਪ ਦੀ ਪ੍ਰੋੜਤਾ ਕੀਤੀ ਹੈ। ਉਨ੍ਹਾਂ ਨੇ ਨਿਰਪੇਖਵਾਦ ਦੀ ਥਾਂ ਤੇ ਸਾਪੇਖਵਾਦ ਨੂੰ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਸਰਮਾਏਦਾਰੀ ਦੇ ਪੈਦਾਵਾਰਿਕ ਮਨੁੱਖ ਦੀ ਥਾਂ ਤੇ ਇੱਕ ਸਿਰਜਣਾਤਮਿਕ ਮਨੁੱਖ ਦੇ ਸੰਕਲਪ ਨੂੰ ਉਭਾਰਿਆ ਹੈ। ਡਾ. ਤੇਜਵੰਤ ਮਾਨ ਅਸਲੀ ਬੁੱਧੀਜੀਵੀ ਅਤੇ ਸਮਰਪਿਤ ਵਿਦਵਾਨ ਹਨ ।” ਡਾ. ਭਗਵੰਤ ਸਿੰਘ ਨੇ ਕਿਹਾ ਕਿ ਡਾ. ਤੇਜਵੰਤ ਮਾਨ ਨੇ ਮਾਂ ਬੋਲੀ ਪੰਜਾਬੀ ਅਤੇ ਸੱਭਿਆਚਾਰ ਦੀ ਰਾਖੀ ਲਈ ਪੂਰੀ ਤਰ੍ਹਾਂ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ। ਉਨ੍ਹਾਂ ਨੇ ਦਾਰਸ਼ਨਿਕ ਪੰਜਾਬੀ ਆਲੋਚਨਾ ਦਾ ਆਰੰਭ ਕੀਤਾ ਹੈ। ਪਵਨ ਹਰਚੰਦਪੁਰੀ ਨੇ ਵਿਸ਼ਵੀਕਰਨ ਦੇ ਸੰਦਰਭ ਵਿੱਚ ਸਾਮਰਾਜੀ ਸ਼ਕਤੀਆਂ ਦੇ ਸਾਡੇ ਸਾਹਿਤ ਤੇ ਸੱਭਿਆਚਾਰ ਹਮਲਿਆਂ ਬਾਰੇ ਗੱਲ ਕੀਤੀ ਅਤੇ ਡਾ. ਮਾਨ ਨੂੰ ਸੱਚ ਦਾ ਪਹਿਰੇਦਾਰ ਕਿਹਾ। ਇਸ ਸਮੇਂ ਡਾ. ਇਕਬਾਲ ਸਿੰਘ, ਅਮਰ ਗਰਗ ਕਲਮਦਾਨ, ਬਲਰਾਜ ਬਾਜੀ, ਪ੍ਰਿੰ. ਪ੍ਰੇਮ ਲਤਾ, ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਨਿਹਾਲ ਸਿੰਘ ਮਾਨ, ਸੁਰਿੰਦਪਾਲ ਸਿੰਘ ਸਿਦਕੀ, ਕਰਨੈਲ ਸਿੰਘ, ਅਨੋਖ ਸਿੰਘ ਵਿਰਕ, ਗੁਰਜਿੰਦਰ ਸਿੰਘ ਰਸੀਆ, ਸੁਰਿੰਦਰਪਾਲ ਕੌਰ, ਡਾ. ਰਾਜੀਵ ਪੁਰੀ, ਸੁਰਿੰਦਰ ਸ਼ਰਮਾ ਨਾਗਰਾ, ਦਰਸ਼ਨ ਸਿੰਘ ਗੁਰੂ, ਤਰਲੋਚਨ ਸਿੰਘ, ਜੰਗ ਸਿੰਘ ਫੱਟੜ, ਮੀਤ ਸਕਰੌਦੀ, ਗੁਲਜ਼ਾਰ ਸਿੰਘ ਸ਼ੌਂਕੀ, ਰਣਜੋਧ ਸਿੰਘ ਧਨੇਠਾ, ਹਰਪ੍ਰੀਤ ਕੌਰ, ਮਨਪ੍ਰੀਤ ਮੈਂਡੀ, ਜਗਦੇਵ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਅੱਜ ਦੀ ਸਭਾ ਵਿੱਚ ਅਜਿਹੀ ਉਸਾਰੂ ਚਰਚਾ ਹੋਈ ਹੈ। ਜਿਸ ਵਿੱਚ ਕੌਮੀ ਤੇ ਕੌਮਾਂਤਰੀ ਸੰਦਰਭਾਂ ਨੂੰ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਸਾਮਰਾਜਵਾਦ ਦੀ ਕੋਈ ਫਿਲਾਸਫੀ ਨਹੀਂ ਹੈ। ਜੇਕਰ ਤੁਹਾਡੀ ਮਾਨਵਤਾ ਵਧਣੀ ਹੈ, ਉਹ ਤੁਹਾਡੀ ਦਾਰਸ਼ਨਿਕਤਾ ਦੇ ਆਧਾਰ ਤੇ ਹੀ ਵਧੇਗੀ। ਉਨ੍ਹਾਂ ਨੇ ਸਾਹਿਤ ਸਭਾ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।