ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ: ਪੰਜਾਬ ਪੁਲਿਸ ਵੱਲੋਂ ਅੱਤਵਾਦੀ ਅਰਸ਼ ਡੱਲਾ ਗਿਰੋਹ ਦੇ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਨਾਲ ਟਾਰਗੇਟ ਕਿਲਿੰਗ ਦੀਆਂ ਚਾਰ ਸੰਭਾਵਿਤ ਕੋਸ਼ਿਸ਼ਾਂ ਨੂੰ ਟਾਲਿਆ ਅਤੇ ਤਿੰਨ ਸਨਸਨੀਖੇਜ਼ ਅਪਰਾਧਾਂ ਦੀ ਗੁੱਥੀ ਸੁਲਝਾਈ

Share and Enjoy !

Shares
 

ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਪੁਲਿਸ ਟੀਮਾਂ ਨੇ ਮੁਲਜ਼ਮਾਂ ਨੂੰ ਪਨਾਹ ਦੇਣ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕਰਨ ਲਈ ਸ਼ੂਟਰ ਨਵਜੋਤ ਦੇ ਭਰਾ ਨੂੰ ਵੀ ਕੀਤਾ ਗ੍ਰਿਫ਼ਤਾਰ: ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ
ਜਾਂਚ ਅਨੁਸਾਰ ਗ੍ਰਿਫਤਾਰ ਸ਼ੂਟਰਾਂ ਨੇ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਗਵਾਲੀਅਰ ‘ਚ ਜਸਵੰਤ ਗਿੱਲ ਦੇ ਕਤਲ ਨੂੰ ਵੀ ਦਿੱਤਾ ਸੀ ਅੰਜ਼ਾਮ
ਚੰਡੀਗੜ੍ਹ/ਫਰੀਦਕੋਟ : ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਵਿੱਚ ਸ਼ਮੂਲੀਅਤ ਲਈ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਦੋ ਮੁੱਖ ਕਾਰਕੁਨਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਘੱਟੋ-ਘੱਟ ਚਾਰ ਹੋਰ ਸੰਭਾਵਿਤ ਟਾਰਗੇਟ ਕਿਲਿੰਗ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਨਾਲ-ਨਾਲ ਮੱਧ ਪ੍ਰਦੇਸ਼ ਵਿਖੇ ਕਤਲ ਦੀ ਵਾਰਦਾਤ ਸਮੇਤ ਤਿੰਨ ਸਨਸਨੀਖੇਜ਼ ਅਪਰਾਧਤ ਘਟਨਾਵਾਂ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਹ ਆਪ੍ਰੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਮੋਹਾਲੀ, ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਅਤੇ ਫਰੀਦਕੋਟ ਜ਼ਿਲ੍ਹਾ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਸੀ।
ਇਹ ਸਫ਼ਲਤਾ ਇਸ ਕੇਸ ਵਿੱਚ ਰੇਕੀ ਮਾਡਿਊਲ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਹਾਸਲ ਹੋਈ ਹੈ।

ਫ਼ਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਵਾਸੀ ਭਦੌੜ, ਬਰਨਾਲਾ ਅਤੇ ਨਵਜੋਤ ਸਿੰਘ ਉਰਫ਼ ਨੀਤੂ ਵਾਸੀ ਨਿੱਝਰ ਰੋਡ, ਖਰੜ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਸਾਥੀ ਬਲਵੀਰ ਸਿੰਘ ਉਰਫ਼ ਕਾਲੂ, ਜੋ ਕਿ ਸ਼ੂਟਰ ਨਵਜੋਤ ਸਿੰਘ ਦਾ ਭਰਾ ਹੈ, ਨੂੰ ਵੀ ਅਪਰਾਧੀਆਂ ਦੀ ਮਦਦ ਕਰਨ ਅਤੇ ਅਪਰਾਧ ਲਈ ਉਕਸਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਸਾਰੇ ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ।
ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਦੋ ਅਤਿ ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ ਜਿਨ੍ਹਾਂ ਵਿੱਚ ਸੱਤ ਜਿੰਦਾ ਕਾਰਤੂਸਾਂ ਸਮੇਤ ਇੱਕ 9 ਐਮ.ਐਮ. ਜ਼ੀਗਾਨਾ  ਪਿਸਤੌਲ ਅਤੇ  ਚਾਰ ਜਿੰਦਾ ਕਾਰਤੂਸਾਂ ਸਮੇਤ ਇੱਕ .30 ਬੋਰ ਪਿਸਤੌਲ ਸ਼ਾਮਲ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਕੋਲੋਂ 27,500 ਰੁਪਏ ਦੀ ਨਕਦੀ ਅਤੇ ਮੁਲਜ਼ਮਾਂ ਵੱਲੋਂ ਵੱਖ-ਵੱਖ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਵਰਤਿਆ ਜਾ ਰਿਹਾ ਇੱਕ ਫਰਜ਼ੀ ਆਧਾਰ ਕਾਰਡ ਵੀ ਬਰਾਮਦ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ ਆਪਣੇ ਮੋਟਰਸਾਈਕਲ ਹੀਰੋ ਸਪਲੈਂਡਰ ਰਜਿਸਟ੍ਰੇਸ਼ਨ ਨੰਬਰ ਪੀ.ਬੀ-04ਯੂ-3258 ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਰਿਹਾ ਸੀ, ਜਿਸ ਸਮੇਂ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।
ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਸ਼ ਡੱਲਾ ਨੇ ਨਵਜੋਤ ਉਰਫ਼ ਨੀਤੂ ਨੂੰ ਗੁਰਪ੍ਰੀਤ ਸਿੰਘ ਹਰੀ ਨੌ, ਜੋ  “ਹਰੀ ਨੌ ਟਾਕਸ” ਦੇ ਨਾਂ ‘ਤੇ ਇੱਕ ਯੂਟਿਊਬ ਚੈਨਲ ਚਲਾਉਂਦਾ ਸੀ, ਨੂੰ ਮਾਰਨ ਦਾ ਕੰਮ ਸੌਂਪਿਆ ਸੀ। ਅਰਸ਼ ਡੱਲਾ ਨੇ ਗੁਰਪ੍ਰੀਤ ਹਰੀ ਨੌ ਬਾਰੇ ਲੋੜੀਂਦੀ ਜਾਣਕਾਰੀ ਨਵਜੋਤ ਉਰਫ਼ ਨੀਤੂ ਨਾਲ ਸਾਂਝੀ ਕੀਤੀ ਅਤੇ ਉਸ ਨੂੰ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਹੋਰ ਸਾਥੀਆਂ ਨੂੰ ਤਿਆਰ ਕਰਨ ਲਈ ਕਿਹਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਨਵਜੋਤ ਉਰਫ਼ ਨੀਤੂ ਨੇ ਆਪਣੇ ਸਾਥੀ ਅਨਮੋਲਪ੍ਰੀਤ ਸਿੰਘ ਉਰਫ ਵਿਸ਼ਾਲ ਨੂੰ ਇਸ ਵਿੱਚ ਸ਼ਾਮਲ ਕੀਤਾ।
ਉਨ੍ਹਾਂ ਦੱਸਿਆ ਕਿ ਅਰਸ਼ ਡੱਲਾ ਨੇ ਆਪਣੇ ਕਾਰਕੁਨਾਂ ਨੂੰ ਇੱਕ ਗਲਾਕ ਪਿਸਤੌਲ ਸਮੇਤ ਗੋਲੀ-ਸਿੱਕਾ ਅਤੇ ਮੋਟਰਸਾਈਕਲ ਮੁਹੱਈਆ ਕਰਵਾਇਆ ਅਤੇ 9 ਅਕਤੂਬਰ 2024 ਨੂੰ ਦੋਵੇਂ ਮੁਲਜ਼ਮਾਂ ਨੇ ਪਿੰਡ ਹਰੀ ਨੌ ਵਿਖੇ ਜਾ ਕੇ ਗੁਰਪ੍ਰੀਤ ਸਿੰਘ ਹਰੀ ਨੌ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।
ਐਸਐਸਪੀ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਰਸ਼ ਡੱਲਾ ਵੱਲੋਂ ਦੋਵੇਂ ਸ਼ੂਟਰਾਂ ਨੂੰ ਲੁਕਣ ਲਈ ਟਿਕਾਣੇ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਸ਼ੂਟਰ ਲਗਾਤਾਰ ਆਪਣੇ ਟਿਕਾਣੇ ਬਦਲਦੇ ਰਹੇ ਜਿਨ੍ਹਾਂ ਨੇ ਇਸ ਦੌਰਾਨ ਅੰਮ੍ਰਿਤਸਰ, ਐਸ.ਬੀ.ਐਸ. ਨਗਰ, ਹਿਮਾਚਲ-ਪੰਜਾਬ ਬਾਰਡਰ, ਚੰਡੀਗੜ੍ਹ, ਮੋਹਾਲੀ ਅਤੇ ਖਰੜ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਕਈ ਛੁਪਣਗਾਹਾਂ ਵਿਖੇ ਠਹਿਰ ਕੀਤੀ। ਅਰਸ਼ ਡੱਲਾ ਨੇ ਦੋਵਾਂ ਸ਼ੂਟਰਾਂ ਨੂੰ ਹੈਰੋਇਨ ਅਤੇ ਨਕਦ ਪੈਸੇ, ਜਿਸ ਨੂੰ ਉਹ ਜ਼ਿਆਦਾਤਰ ਮੋਹਾਲੀ ਵਿਖੇ ਜਨਤਕ ਥਾਵਾਂ ਤੋਂ ਪ੍ਰਾਪਤ ਕਰਦੇ ਸਨ, ਮੁਹੱਈਆ ਕਰਵਾਏ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਅਰਸ਼ ਡੱਲਾ ਦੇ ਇਸ਼ਾਰੇ ‘ਤੇ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਜਸਵੰਤ ਸਿੰਘ ਗਿੱਲ ਦਾ ਕਤਲ ਵੀ ਕੀਤਾ ਸੀ। ਦੱਸਣਯੋਗ ਹੈ ਕਿ ਮਾਰਿਆ ਗਿਆ ਵਿਅਕਤੀ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਅਤੇ ਜਿਸ ਸਮੇਂ ਸ਼ੂਟਰਾਂ ਨੇ ਉਸਨੂੰ ਮਾਰਿਆ, ਉਹ 15 ਦਿਨ ਲਈ ਪੈਰੋਲ ‘ਤੇ ਬਾਹਰ ਆਇਆ ਹੋਇਆ ਸੀ। ਇਸ ਸਬੰਧ ਵਿੱਚ ਮੁਲਜ਼ਮਾਂ ਖ਼ਿਲਾਫ਼ ਪੁਲਿਸ ਥਾਣਾ ਦਾਬੜਾ ਮੱਧ ਪ੍ਰਦੇਸ਼ ਵਿਖੇ ਬੀ.ਐਨ.ਐਸ. ਐਕਟ ਦੀਆਂ ਧਾਰਵਾਂ 103(1), 3(5) ਤਹਿਤ ਐਫ.ਆਈ.ਆਰ. ਨੰ. 756 ਮਿਤੀ 8/11/24 ਦਰਜ ਹੈ।
ਦੱਸਣਯੋਗ ਹੈ ਕਿ ਦੋਵੇਂ ਮੁਲਜ਼ਮ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਪੰਜਾਬ ਵਾਪਸ ਪਰਤੇ, ਜਿੱਥੇ ਉਨ੍ਹਾਂ ਨੂੰ ਫਰੀਦਕੋਟ ਪੁਲਿਸ ਵੱਲੋਂ ਐਸਐਸਓਸੀ ਮੋਹਾਲੀ ਅਤੇ ਏਜੀਟੀਐਫ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਖਰੜ ਨੇੜੇ ਕਾਬੂ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਮੁਲਜ਼ਮ ਬੀਤੀ 18 ਅਕਤੂਬਰ ਨੂੰ ਜ਼ੀਰਕਪੁਰ ਵਿਖੇ ਹੋਈ ਗੋਲੀਬਾਰੀ ਅਤੇ ਜਬਰੀ ਵਸੂਲੀ ਦੀ ਘਟਨਾ ਵਿੱਚ ਸ਼ਾਮਲ ਸਨ, ਜਿੱਥੇ ਮੁਲਜ਼ਮਾਂ ਵੱਲੋਂ ਇੱਕ ਕਾਰੋਬਾਰੀ ‘ਤੇ ਗੋਲੀਆਂ ਚਲਾ ਕੇ ਉਸਨੂੰ ਧਮਕੀ ਦਿੱਤੀ ਗਈ ਸੀ ਅਤੇ ਉਸਦੇ ਮੇਨ ਗੇਟ ‘ਤੇ ਅਰਸ਼ ਡੱਲਾ ਦੇ ਨਾਮ ਵਾਲਾ ਪੋਸਟਰ ਲਾ ਕੇ ਗਏ ਸਨ। ਉਨ੍ਹਾਂ ਦੱਸਿਆ ਕਿ ਨੇੜਲੇ ਘਰ ਦੀ ਸੀਸੀਟੀਵੀ ਫੁਟੇਜ ਖੰਗਾਲਣ ‘ਤੇ ਪਤਾ ਲੱਗਾ ਕਿ ਦੋ ਵਿਅਕਤੀ ਮੋਟਰਸਾਈਕਲ ‘ਤੇ ਆਏ ਸਨ। ਉਨ੍ਹਾਂ ਦੱਸਿਆ ਕਿ ਫੁਟੇਜ ਵਿਚ ਉਕਤ ਮੁਲਜ਼ਮ ਗੋਲੀਬਾਰੀ ਕਰਦੇ ਅਤੇ ਪੋਸਟਰ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਬੀ.ਐਨ.ਐਸ. ਐਕਟ ਦੀ ਧਾਰਾ 308,25,27 ਅਧੀਨ ਐਫਆਈਆਰ ਨੰ. 470 ਦਰਜ ਹੈ।
ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੀਤੀ ਗਈ ਜਾਂਚ ਦੌਰਾਨ ਇਸ ਗਿਰੋਹ ਵੱਲੋਂ ਹੋਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਵਿਆਪਕ ਸਾਜ਼ਿਸ਼ ਦਾ ਪਤਾ ਲੱਗਾ ਅਤੇ ਇਸ ਬਾਰੇ ਬਰੀਕੀ ਨਾਲ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮਾਂ ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਵੱਡੇ ਸ਼ਹਿਰਾਂ ਵਿੱਚ ਪ੍ਰਮੁੱਖ ਵਿਅਕਤੀਆਂ ਦੀਆਂ ਘੱਟੋ-ਘੱਟ ਚਾਰ ਸੰਭਾਵਿਤ ਟਾਰਗੇਟ ਕਿਲਿੰਗ ਦੀਆਂ ਸਾਜਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ।
ਇਸ ਸਬੰਧੀ ਪੁਲਿਸ ਥਾਣਾ ਵਿਖੇ ਕੋਟਕਪੂਰਾ ਵਿਖੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 103 (1), 126 (2) ਅਤੇ 3 (5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 159 ਮਿਤੀ 10-10-2024 ਪਹਿਲਾਂ ਹੀ ਦਰਜ ਹੈ।

———-

About Post Author

Share and Enjoy !

Shares

Leave a Reply

Your email address will not be published. Required fields are marked *