ਗੁਰਪੁਰਬ ਦੀ ਸਮਾਪਤੀ ਮੌਕੇ ਕਵੀ ਦਰਬਾਰ ਸ਼ਿਖਰ ਹੋ ਨਿੱਬੜਿਆ

Share and Enjoy !

Shares
ਸੰਗਰੂਰ(ਜਗਸੀਰ ਲੌਂਗੋਵਾਲ):ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਮੌਕੇ ਹੋਏ ਵੱਖ ਵੱਖ ਸਮਾਗਮਾਂ, ਵਿਦਿਆਰਥੀ ਮੁਕਾਬਲੇ ਬੜੀ ਚੜ੍ਹਦੀ ਕਲਾ ਵਿੱਚ ਰਹੇ। ਇਹਨਾਂ ਸਮਾਗਮਾਂ ਦੀ ਲੜੀ ਦੀ ਸਮਾਪਤੀ ਹਰ ਸਾਲ ਦੀ ਤਰ੍ਹਾਂ ਅਦੁੱਤੀ ਕਵੀ ਦਰਬਾਰ ਨਾਲ ਹੋਈ ਜੋ ਸਮਾਗਮਾਂ ਦਾ ਸ਼ਿਖਰ ਹੋ ਨਿੱਬੜਿਆ। ਕਵੀ ਦਰਬਾਰ ਤੋਂ ਪਹਿਲਾਂ ਲਾਭ ਸਿੰਘ ਝਮੱਟ ਬਡੱਬਰ ਵਾਲੇ ਨੇ ਗੁਰੂ ਸਾਹਿਬ ਦੀ ਉਸਤਤ ਵਿੱਚ ਆਪਣੇ ਅੰਦਾਜ਼ ਵਿੱਚ ਕਵਿਸ਼ਰੀ ਪੇਸ਼ ਕੀਤੀ। ਉਪਰੰਤ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸਾਹਨੀ ਨੇ ਕਵੀਆਂ ਦੀ ਜਾਣ ਪਛਾਣ ਕਰਵਾਈ।‌ ਪੰਥ ਦੇ ਸਿਰਮੌਰ ਕਵੀ ਡਾ ਹਰੀ ਸਿੰਘ ਜਾਚਕ ਨੇ ਸਟੇਜ ਸੰਚਾਲਨ ਦੀ ਸੇਵਾ ਸੰਭਾਲਦਿਆਂ ਸੰਗਰੂਰ ਸ਼ਹਿਰ ਦੇ ਮਰਹੂਮ ਕਵੀ ਰਾਜਿੰਦਰ ਸਿੰਘ ਜ਼ੋਸ਼  ਵੱਲੋਂ ਕਵੀ ਦਰਬਾਰਾਂ ਦੀ ਪ੍ਪੰਰਾ ਨੂੰ ਸ਼ੁਰੂ ਕਰਨ ਅਤੇ ਪਾਏ  ਯੋਗਦਾਨ ਦਾ ਜ਼ਿਕਰ ਕੀਤਾ । ਪਿਛਲੇ ਸਾਲ ਸੰਗਰੂਰ ਦੇ ਇੱਕ ਹੋਰ ਰੁਖ਼ਸਤ ਹੋ ਗਏ ਨਾਮਵਰ ਕਵੀ ਅਤੇ ਲੇਖਕ ਡਾ ਚਰਨਜੀਤ ਸਿੰਘ ਉਡਾਰੀ  ਦੁਆਰਾ ਲਿਖਤ ਪੁਸਤਕ” ਸਿਮਰਨਾ ਤੇ ਸ਼ਮਸ਼ੀਰ”  ਵਿੱਚੋਂ ਗੁਰੂ ਸਾਹਿਬ ਬਾਰੇ ਦਰਜ ਇਹ ਸਤਰਾਂ ਰਾਹੀਂ ਯਾਦ ਕੀਤਾ ਗਿਆ ਕਿ:
ਪੁੱਤਰ ਤੇਗ ਦਾ ਪੋਤਰਾ ਹਰਗੋਬਿੰਦ ਦਾ , ਗੁਜਰੀ ਮਾਂ ਦੇ ਨੈਣਾਂ ਦਾ ਨੂਰ ਗੋਬਿੰਦ।
ਸਿਦਕੀ ਸਿੱਖਾਂ ਨੂੰ ਬੁੱਕਲੀ ਘੁੱਟ ਲੈਂਦੇ,
ਭੇਖੀ ਦੰਭੀਆਂ ਤੋਂ ਕੋਹਾਂ ਦੂਰ ਗੋਬਿੰਦ।
ਔਕੜ ਪਵੇ ਤਾਂ ਝੱਬਦੇ ਬਾਂਹ ਫੜਦੈ,
ਹਰ ਥਾਂ ਹਾਜ਼ਰ ਹੈ ਜ਼ਾਹਰਾ ਜ਼ਹੂਰ ਗੋਬਿੰਦ। ਉਪਰੰਤ ਪ੍ਪੰਰਾ ਅਨੁਸਾਰ ਬਾਲ ਕਵੀ ਦਰਬਾਰ ਦੀ ਬਣੀ ਸਰਵੋਤਮ ਬਾਲ ਕਵੀ ਨੰਨੀ ਬੱਚੀ ਹੈਜ਼ਲੀਨ ਕੌਰ ਯੂ ਐਸ ਏ, ਨੇ ਕਵੀ ਦਰਬਾਰ ਦੀ ਸ਼ੁਰੁਆਤ ਕੀਤੀ। ਕਵੀਆਂ ਵਿੱਚ ਸ਼ੁਮਾਰ ਹੁੰਦਿਆਂ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਦੀ ਜੀਵਨ ਝਾਕੀਆਂ ਸਬੰਧੀ ਰਚਨਾ ਨੂੰ ਤਰੰਨੁਮ ਵਿੱਚ ਗਾ ਕੇ ਪੇਸ਼ ਕੀਤਾ। ਇਸ ਤੋਂ ਬਾਅਦ ਵਾਰੀ ਆਈ ਪੰਜਾਬ ਦੇ ਰਫੀ ਦਾ ਮਾਣ ਪ੍ਰਾਪਤ ਕਰਨ ਵਾਲੇ ਸ੍ ਰਛਪਾਲ ਸਿੰਘ ਪਾਲ ਜਲੰਧਰ ਜਿਨ੍ਹਾਂ ਨੇ ਆਪਣੀ ਗਾਇਨ ਸ਼ੈਲੀ ਰਾਹੀਂ ਗੁਰੂ ਸਾਹਿਬ ਦੇ ਆਗਮਨ ਨੂੰ ਇਸ ਤਰ੍ਹਾਂ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤਾ।
ਪਟਨੇ ਸ਼ਹਿਰ ਦੀ ਧਰਤੀ ਦਾ ਕਣ ਕਣ ਰੁਸ਼ਨਾਇਆ ਹੈ।
ਕਲਗੀਧਰ  ਪਿਤਾ ਦਾ ਅੱਜ ਪ੍ਕਾਸ਼ ਦਿਹਾੜਾ ਆਇਆ ਹੈ।
ਉਸ ਤੋਂ ਬਾਅਦ ਸੀ੍ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਨੂੰ ਇਸ ਤਰ੍ਹਾਂ ਕਿਹਾ:
ਹੈ ਸਭਨਾ ਦੇ ਵੱਲ – ਗੁਰੂ ਗ੍ਰੰਥ ਸਾਹਿਬ
ਸਭਨਾ ਮਸਲਿਆਂ ਦਾ ਹੱਲ- ਗੁਰੂ ਗ੍ਰੰਥ ਸਾਹਿਬ
ਹੈ ਅੱਜ ਤੇ ਕੱਲ੍ਹ -ਗੁਰੂ ਗ੍ਰੰਥ ਸਾਹਿਬ
ਰਹੇਗਾ ਜੁੱਗੋ ਜੁੱਗ ਅਟੱਲ – ਗੁਰੂ ਗ੍ਰੰਥ ਸਾਹਿਬ
ਸਵਰਗੀ ਸੁਰਿੰਦਰ ਸਿੰਘ ਗੁਜ਼ਰਾਲ ਦੇ ਫਰਜ਼ੰਦ ਵਜੋਂ ਮਾਣ ਪ੍ਰਾਪਤ ਕਰਨ ਵਾਲੇ ਸੰਗਰੂਰ ਸ਼ਹਿਰ ਦੇ
ਪੇ੍ਮਜੀਤ ਸਿੰਘ ਹੀਰਾ ਨੇ ਵੀ ਪੰਥਕ ਕਵੀ  ਚਰਨ ਸਿੰਘ ਸਫ਼ਰੀ, ਸੁਰਿੰਦਰ ਸਿੰਘ ਰਮਤਾ, ਅਵਤਾਰ ਸਿੰਘ ਤਾਰੀ ਆਦਿ ਦੀਆਂ ਟੁਕੜੀਆਂ ਦਾ ਗੁਲਦਸਤਾ ਖੂਬਸੂਰਤ ਢੰਗ ਨਾਲ ਪੇਸ਼ ਕਰਦੇ ਹੋਏ ਕਿਹਾ
ਸੱਚੇ ਪਾਤਸ਼ਾਹ ਸ਼ਾਹਾਂ ਦੇ ਸ਼ਾਹ ਸਤਿਗੁਰ
ਤੇਰਾ ਜਿਹਾ ਨਾ ਕੋਈ ਗਰੀਬ ਹੋਇਆ
ਦਾਤ ਜ਼ਿੰਦਗੀ ਦੀ ਵੰਡੀ ਜੱਗ ਤਾਂਈ
ਆਪ ਮੌਤ ਦੇ ਸਦਾ ਕਰੀਬ ਹੋਇਆ।
ਪਿਤਾ ਜਿਸ ਦੇ ਬਣੇ ਹਿੰਦ ਦੀ ਚਾਦਰ
ਸੀਸ ਵਾਰਿਆ ਚਾਂਦਨੀ ਚੌਂਕ ਤਾਈਂ
ਉਹਨੂੰ ਆਪਣੇ ਹੀ ਪੁੱਤਾਂ ਦੀਆਂ ਲਾਸ਼ਾਂ ਉਪਰ
ਪਾਣਾ ਕਫ਼ਨ ਵੀ ਨਹੀਂ ਨਸੀਬ ਹੋਇਆ।
ਪੰਥ ਦੇ ਪੋ੍ੜ ਅਤੇ ਸਿਰਮੌਰ ਕਵੀ
*ਇੰਜ:  ਕਰਮਜੀਤ ਸਿੰਘ ਨੂਰ* ਯਮੁਨਾਨਗਰ ਨੇ ਆਪਣੀ ਵਿਲੱਖਣ ਕਾਵਿ ਸ਼ੈਲੀ ਰਾਹੀਂ ਹਾਜ਼ਰੀ ਲੁਆਈ:
ਕਲਗੀਧਰ ਵਾਲਿਆ ਤੇਰੀਆਂ ਬਖਸ਼ਸਾਂ ਦਾ ਲਫ਼ਜ਼ਾਂ ਵਿਚ ਬਿਆਨ ਨਹੀਂ ਹੋ ਸਕਦਾ।
ਦਸ ਲੱਖ ਨਾਲ ਲੜਾ ਗਿਉਂ ਸਿਰਫ ਚਾਲੀ, ਤੇਰੇ ਜਿਹਾ ਬਲਵਾਨ ਨਹੀਂ ਹੋ ਸਕਦਾ ।
ਕੌਮ ਲਈ ਸਰਬੰਸ ਦਾ ਦਾਨ ਕਰਨਾ
ਏਦੂੰ ਵੱਡਾ ਕੋਈ ਦਾਨ ਨਹੀਂ ਹੋ ਸਕਦਾ।
ਜਿਹੜਾ ਪੁੱਤਾਂ ਦੀਆਂ ਲਾਸ਼ਾਂ ਤੇ ਮੁਸਕਰਾਉਂਦੇ ,
ਰੱਬ ਹੋਣੈ ਇਨਸਾਨ ਨਹੀਂ ਹੋ ਸਕਦਾ। ਫਿਰ ਮਹਿਕਪ੍ਰੀਤ ਕੌਰ ਪਤਨੀ ਗਗਨਦੀਪ ਸਿੰਘ ਨੇ ਆਪਣੀ ਸੋਹਜ ਭਰੀ ਆਵਾਜ਼ ਇਸ ਤਰ੍ਹਾਂ ਗੀਤ ਪੇਸ਼ ਕਰਦਿਆਂ ਸੰਗਤਾਂ ਨੂੰ ਕੀਲ ਲਿਆ:
ਸਰਬੰਸ ਨੂੰ ਲੁਟਾ ਕੇ ਸੂਲਾਂ ਤੇ ਲੇਟਿਆ ਹੈ । ਧਰਤੀ ਦੀ ਭੁੱਬ ਨਿਕਲੀ, ਅੰਬਰ ਵੀ ਰੋ ਪਿਆ ਹੈ।
ਮੱਥੇ ਸ਼ਿਕਨ ਲਿਆਵੇ, ਪਰ ਕੀ ਮਜ਼ਾਲ ਗੋਬਿੰਦ।
ਐਵੇਂ ਤਾਂ ਨਹੀਂ ਕਹਾਉਂਦਾ
ਸਾਹਿਬ ਏ ਕਮਾਲ ਗੋਬਿੰਦ।
ਅੰਤ ਵਿੱਚ ਡਾ ਹਰੀ ਸਿੰਘ ਜਾਚਕ ਨੇ ਆਪਣੀ ਬੁਲੰਦ ਆਵਾਜ਼ ਗੁਰੂ ਸਾਹਿਬ ਦੇ ਆਗਮਨ ਨੂੰ ਇਸ ਤਰ੍ਹਾਂ ਪੇਸ਼ ਕੀਤਾ :
ਨੂਰੋ ਨੂਰ ਸੀ ਪਟਨੇ ਦੀ ਧਰਤ ਹੋਈ, ਮਹਾਂਨੂਰ ਦਾ ਆਇਆ ਜਦ ਨੂਰ ਪਟਨੇ। ਜਿਸ ਨੇ ਤੱਕਿਆ ਤੱਕਦਾ ਰਹਿ ਗਿਆ ਸੀ, ਰੱਬ ਦਾ ਪੁੱਤ ਸੀ ਜਾਹਰਾ ਜ਼ਹੂਰ ਪਟਨੇ।
ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ
ਗੋਬਿੰਦ ਰਾਏ ਦੇ ਰੂਪ ਵਿੱਚ ਆਏ ਪਟਨੇ। ਨੌਵੇਂ ਗੁਰਾਂ ਦੇ ਘਰ ਪ੍ਰਗਟ, ਗੁਜਰੀ ਗੋਦ ਨੂੰ ਭਾਗ ਸੀ ਲਾਏ ਪਟਨੇ।
ਕਵੀ ਦਰਬਾਰ ਦੇ ਆਯੋਜਨ ਵਿੱਚ ਗੁਰਦੀਪ ਸਿੰਘ ਪੰਮਾ ਨੇ ਸੰਚਾਲਕ ਰਾਹੀਂ ਵਿਸ਼ੇਸ਼ ਸਹਿਯੋਗ ਦਿੱਤਾ। ਸੰਗਤਾਂ ਅਤੇ ਖਾਸ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਨੌਜਵਾਨਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਭਰਪੂਰ ਦਾਦ ਦੇ ਕੇ ਕਵੀਆਂ ਦਾ ਮਾਣ ਵਧਾਇਆ।ਸਮੂਹ ਕਵੀਆਂ ਨੂੰ ਸਹਾਰਾ ਫਾਊਂਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਤੇ ਉਨਾਂ ਦੇ ਸਾਥੀਆਂ ,ਲਾਈਫ ਗਾਰਡ ਇੰਸਟੀਚਿਊਟ ਦੇ ਡਾਇਰੈਕਟਰ ਡਾ: ਸੁਖਵਿੰਦਰ ਸਿੰਘ ਦੇ ਨਾਲ ਮਰਹੂਮ ਡਾ ਚਰਨਜੀਤ ਸਿੰਘ ਉਡਾਰੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਪੁੱਤਰ ਐਡਵੋਕੇਟ ਸੁਖਚੈਨ ਸਿੰਘ ਚੱਢਾ ਨੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਨੇ ਡਾ ਹਰੀ ਸਿੰਘ ਜਾਚਕ ਨੂੰ ਉਨ੍ਹਾਂ ਦੇ ਜਨਮ ਦਿਨ ਵਾਲਾ ਨੋਟ ਵਾਲਾ ਸਨਮਾਨ ਦੇ ਕੇ ਸਤਿਕਾਰ ਦਿੱਤਾ।ਪ੍ਬੰਧਕ ਕਮੇਟੀ ਵੱਲੋਂ ਜਸਵਿੰਦਰ ਸਿੰਘ ਪਿ੍ੰਸ, ਗੁਰਵਿੰਦਰ ਸਿੰਘ ਸਰਨਾ, ਗੁਰਮੀਤ ਸਿੰਘ ਸਾਹਨੀ , ਪਰਮਿੰਦਰ ਸਿੰਘ ਸੋਬਤੀ ਸਮੇਤ ਨਰਿੰਦਰ ਪਾਲ ਸਿੰਘ ਸਾਹਨੀ, ਹਰਪ੍ਰੀਤ ਸਿੰਘ ਪ੍ਰੀਤ, ਗਗਨਦੀਪ ਸਿੰਘ ਗੱਗੀ, ਮਾਤਾ ਸਵਰਨ ਕੌਰ, ਗੁਰਲੀਨ ਕੌਰ, ਜਗਜੀਤ ਕੌਰ ਆਦਿ ਨੇ ਕਵੀਆਂ ਦੇ ਨਾਲ ਗੁਰਦੀਪ ਸਿੰਘ ਪੰਮਾ, ਬੱਚੀ ਹੈਜ਼ਲੀਨ ਕੌਰ ,ਵੱਖ ਵੱਖ ਸੰਸਥਾਵਾਂ ਦੇ ਸਹਿਯੋਗੀਆਂ, ਭਾਈ ਸੁੰਦਰ ਸਿੰਘ ਹੈੱਡ ਗ੍ਰੰਥੀ, ਰਾਮਜੀ ਸਿੰਘ ਸੇਵਾਦਾਰ ਅਤੇ ਹੋਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪੀ੍ਤਮ ਸਿੰਘ, ਗੁਰਿੰਦਰ ਸਿੰਘ ਗੁਜਰਾਲ, ਰਾਜਵਿੰਦਰ ਸਿੰਘ ਲੱਕੀ,ਲਖਵੀਰ ਸਿੰਘ ਲੱਖਾ, ਜਤਿੰਦਰ ਪਾਲ ਸਿੰਘ ਹੈਪੀ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਜਸਵਿੰਦਰ ਸਿੰਘ ਸਾਹਨੀ, ਰਾਜੇਸ਼ ਥਰੇਜਾ, ਡਾ ਸੁਮਿੰਦਰ ਸਿੰਘ, ਨਰਿੰਦਰ ਸਿੰਘ ਬੱਬੂ, ਦਮਨਜੀਤ ਸਿੰਘ ਸਰਨਾ, ਜਤਿੰਦਰ ਸਿੰਘ ਰੇਖੀ, ਵਰਿੰਦਰਜੀਤ ਸਿੰਘ ਬਜਾਜ, ਅਸ਼ੋਕ ਕੁਮਾਰ, ਡਾ ਦਿਨੇਸ਼ ਗਰੋਵਰ, ਗੁਰਤੇਜ ਸਿੰਘ ਖੇਤਲਾ, ਹਰਵਿੰਦਰ ਸਿੰਘ ਸੋਬਤੀ, ਜਸਵਿੰਦਰ ਸਿੰਘ ਜੱਸਾ, ਏਕਮਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ, ਮਨਵਿੰਦਰ ਸਿੰਘ ਸੋਬਤੀ, ਸਾਹਿਬ ਅਵਨੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ  ਪੱਪੂ, ਜਸਮੀਤ ਸਿੰਘ ਅਮਰੀਕਾ, ਸੰਦੀਪ ਸਿੰਘ, ਅਮਰੀਕ ਕੌਰ, ਏਕਜੋਤ ਕੌਰ, ਜੋਗਿੰਦਰ ਕੌਰ, ਪਿ੍ਤਪਾਲ ਕੌਰ ਸਾਹਨੀ, ਰਵਨੀਤ ਕੌਰ, ਨਵਰਿਤੀ ਕੌਰ, ਰੰਜਨਪੀ੍ਤ ਕੌਰ, ਮਹਿਕਪ੍ਰੀਤ ਕੌਰ, ਰੇਖਾ ਰਾਣੀ, ਕਿਰਨ ਦੂਆ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕਵੀ ਦਰਬਾਰ ਦਾ ਆਨੰਦ ਮਾਣਿਆ। ਜਸਵਿੰਦਰ ਸਿੰਘ ਪਿ੍ੰਸ ਨੇ ਦੱਸਿਆ ਕਿ ਗੁਰਪੁਰਬ ਦੇ ਸਮਾਗਮਾਂ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਣ ਤੇ ਪ੍ਬੰਧਕ ਕਮੇਟੀ ਵੱਲੋਂ ਜਲਦੀ ਹੀ ਸ਼ੁਕਰਾਨਾ ਸਮਾਗਮ ਕਰਵਾਇਆ ਜਾਵੇਗਾ।

About Post Author

Share and Enjoy !

Shares

Leave a Reply

Your email address will not be published. Required fields are marked *