ਚੌਂਕ ਮਹਿਤਾ : ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ, ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਚੱਲ ਰਹੇ ਵਿੱਦਿਅਕ ਅਦਾਰੇ “ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ” ਮਹਿਤਾ ਚੌਂਕ ਦੇ ਵਿਦਿਆਰਥੀਆਂ ਨੇ ਧਾਰਮਿਕ ਮੁਕਾਬਲਿਆਂ ਵਿੱਚ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਈਆ ਵੱਲੋਂ ਸਲਾਨਾ 33ਵਾਂ ਗੁਰਮਤਿ ਸਮਾਗਮ ਵੱਡਾ ਗੁਰਦੁਆਰਾ ਰਈਆ ਵਿਖੇ ਕਰਵਾਇਆ ਗਿਆ ।ਜਿਸ ਵਿੱਚ ਕੀਰਤਨ , ਕਥਾ, ਦਸਤਾਰ ਮੁਕਾਬਲਾ, ਭਾਸ਼ਣ ਆਦਿ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ। ਖਾਲਸਾ ਅਕੈਡਮੀ ਦੀ ਮਿਊਜਿਕ ਟੀਮ ਮਨਵੀਰ ਕੌਰ ,ਜਸਮੀਤ ਕੌਰ, ਜਸਕੀਰਤ ਕੌਰ ,ਗੁਰਲੀਨ ਕੌਰ, ਗੁਰਜੰਟ ਸਿੰਘ, ਸਿਮਰਨਜੀਤ ਸਿੰਘ ਨੇ ਰਸ ਭਿੰਨਾ ਕੀਰਤਨ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਦਸਤਾਰ ਮੁਕਾਬਲਿਆਂ ਵਿੱਚ ਹਰਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਪ੍ਰਿੰਸਪ੍ਰੀਤ ਸਿੰਘ ਨੇ ਵਿਸ਼ੇਸ਼ ਸਨਮਾਨ ਪ੍ਰਾਪਤ ਕਰਕੇ ਖਾਲਸਾ ਅਕੈਡਮੀ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਭਾਸ਼ਣ ਅਤੇ ਵਿਚਾਰ ਮੁਕਾਬਲੇ ਵਿੱਚੋਂ ਹਰਸਿਮਰਤ ਕੌਰ ਵੱਲੋਂ ਦੂਸਰਾ ਸਥਾਨ ਅਤੇ ਮਨਜੋਤ ਕੌਰ ਵੱਲੋਂ ਤੀਸਰਾ ਸਥਾਨ ਹਾਸਿਲ ਕੀਤਾ। ਸਕੂਲ ਦੇ ਡਾਇਰੈਕਟਰ/ ਪ੍ਰਿੰਸੀਪਲ ਜਤਿੰਦਰ ਕੁਮਾਰ ਸ਼ਰਮਾ ਅਤੇ ਸਮੂਹ ਅਧਿਆਪਕ ਸਾਹਿਬਾਨ ਨੇ ਸਕੂਲ ਪੁੱਜਣ ਤੇ ਇਹਨਾਂ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਵਿਸ਼ੇਸ਼ ਤੌਰ ਤੇ ਇਹਨਾਂ ਬੱਚਿਆਂ ਨੂੰ ਸਕੂਲ ਦੀ ਅਸੈਂਬਲੀ ਦੇ ਦੌਰਾਨ ਸਨਮਾਨਿਤ ਵੀ ਕੀਤਾ ਅਤੇ ਹੋਰਨਾਂ ਬੱਚਿਆਂ ਨੂੰ ਵੀ ਧਾਰਮਿਕ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ/ ਪ੍ਰਿੰਸੀਪਲ ਡਾਕਟਰ ਜਤਿੰਦਰ ਕੁਮਾਰ ਸ਼ਰਮਾ , ਪ੍ਰਿੰ : ਹਰਸ਼ਦੀਪ ਸਿੰਘ ਰੰਧਾਵਾ, ਕਾਲਜ ਦੇ ਪ੍ਰਿੰ : ਗੁਰਦੀਪ ਸਿੰਘ ਜਲਾਲ ਉਸਮਾ, ਮਿਊਜਿਕ ਅਧਿਆਪਕ ਸ: ਗੁਰਮੁਖ ਸਿੰਘ ,ਸ: ਜਗਦੀਪ ਸਿੰਘ ਅਤੇ ਅਧਿਆਪਕ ਸਾਹਿਬਾਨਾਂ ਨੇ ਜੇਤੂ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।