ਲੌਂਗੋਵਾਲ (ਜਗਸੀਰ ਸਿੰਘ) : ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਿਲਾਂ ਵੱਲੋਂ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਦੀ ਦੇਖ ਰੇਖ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਉਣ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵੱਡੇ ਫੈਸਲੇ ਲੈਣ ਲਈ ਪ੍ਰੇਰਿਤ ਕਰਨਾ ਅਤੇ ਮਹਾਨ ਵਿਅਕਤੀਆਂ ਦੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਪਾਏ ਯੋਗਦਾਨ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਲੋਹ ਪੁਰਸ਼ ਵੱਲਭ ਭਾਈ ਪਟੇਲ ਅਤੇ ਲੋਹ ਇਸਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਲੈਕਚਰਾਰ ਹਿਸਟਰੀ ਰਾਜੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅੱਜ ਜੇਕਰ ਦੇਸ਼ ਨੂੰ ਕਿਸੇ ਇੱਕ ਸੂਤਰ ਵਿੱਚ ਬੰਨਿਆ ਹੋਇਆ ਹੈ ਤਾਂ ਉਸ ਵਿੱਚ ਸਾਡੇ ਸਾਬਕਾ ਗ੍ਰਹਿ ਮੰਤਰੀ ਬੱਲਭ ਭਾਈ ਪਟੇਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨਾਂ ਨੇ ਆਜ਼ਾਦੀ ਤੋਂ ਬਾਅਦ ਰਿਆਸਤਾਂ ਨੂੰ ਖਤਮ ਕਰਕੇ ਦੇਸ਼ ਨੂੰ ਇੱਕਜੁੱਟ ਕੀਤਾ। ਅਜਿਹੇ ਫੈਸਲੇ ਇੱਕ ਬਹੁਤ ਹੀ ਦਿ੍ੜ ਇਰਾਦੇ ਵਾਲਾ ਵਿਅਕਤੀ ਹੀ ਲੈ ਸਕਦਾ ਹੈ।ਇਸ ਮੌਕੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਪ੍ਰੋਗਰਾਮ ਅਫਸਰ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਿਸੇ ਮਹਾਨ ਇਸਤਰੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਸਵਰਗੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਨਾਮ ਅਗਲੀਆਂ ਸਫਾਂ ਵਿੱਚ ਆਉਂਦਾ ਹੈ ।ਬਤੌਰ ਇਸਤਰੀ ਉਹਨਾਂ ਨੇ ਇਸ ਵਿਸ਼ਾਲ ਦੇਸ਼ ਜਿੱਥੇ ਵੱਖ ਵੱਖ ਧਰਮਾਂ, ਜਾਤਾਂ ਦੇ ਲੋਕ ਰਹਿੰਦੇ ਹਨ ਅਤੇ ਭੂਗੋਲਿਕ ਤੌਰ ਤੇ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ, ਨੂੰ ਆਪਣੀ ਸਿਆਣਪ, ਦੂਰ ਅੰਦੇਸ਼ੀ ਅਤੇ ਦਲੇਰੀ ਨਾਲ ਇੱਕਜੁੱਟ ਕਰਕੇ ਰੱਖਿਆ। ਇਸ ਮੌਕੇ ਸ੍ਰ ਲਖਵੀਰ ਸਿੰਘ, ਮੈਡਮ ਸੁਖਵਿੰਦਰ ਕੌਰ ਮਡਾਹੜ, ਨੇ ਵੀ ਵਿਦਿਆਰਥੀਆਂ ਨੂੰ ਦੇਸ਼ ਦੇ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਲਈ ਧਰਮ, ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸ੍ਰ ਗੁਰਦੀਪ ਸਿੰਘ ਲੈਕਚਰਾਰ ਪੰਜਾਬੀ,ਐਸ ਐਸ ਮਿਸਟਰੈਸ ਸ਼੍ਰੀਮਤੀ ਵਨੀਤੀ ਰਾਣੀ ਨੇ ਵਿਦਿਆਰਥੀਆਂ ਨੂੰ ਵੱਡੇ ਫੈਸਲੇ ਲੈਣ ਸਮੇਂ ਗੁਰੇਜ ਨਾ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਡੇ ਫੈਸਲੇ ਲੈਣ ਸਮੇਂ ਦਲੇਰੀ ਅਤੇ ਹੌਸਲਾ ਰੱਖਣਾ ਚਾਹੀਦਾ ਹੈ। ਇਸ ਮੌਕੇ ਸਮੂਹ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ। ਇਸ ਮੌਕੇ ਰਕੇਸ਼ ਕੁਮਾਰ ਸਰੀਰਕ ਸਿੱਖਿਆ ਕਰਨੈਲ ਸਿੰਘ ਸਾਇੰਸ ਮਾਸਟਰ, ਹਰਵਿੰਦਰ ਸਿੰਘ, ਰਜਨੀ ਬਾਲਾ, ਸਵੇਤਾ ਅਗਰਵਾਲ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।