ਫਿਲੌਰ (ਰਵੀ ਕੁਮਾਰ): ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਲ੍ਹਾ ਜਲੰਧਰ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਢੇਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੁਆਰਾ ਕਿਸਾਨੀ ਮੰਗਾਂ ਦੀ ਅਣਦੇਖੀ ਅਤੇ ਟਾਲਮਟੋਲ ਦੀ ਨੀਤੀ ਕਾਰਨ ਸਮੂਹ ਕਿਸਾਨ ਵਰਗ ਦੁਖੀ ਹੈ। ਉਨ੍ਹਾਂ ਕਿਹਾ ਕਿ ਕਈ ਮਹੀਨਿਆਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਹਨ, ਪਰ ਹਾਲੇ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੋਈਆਂ। ਇਸੇ ਦੇ ਮੱਦੇਨਜ਼ਰ 18 ਦਸੰਬਰ, ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਫਿਲੌਰ ਰੇਲਵੇ ਸਟੇਸ਼ਨ ‘ਤੇ ਰੋਸ ਧਰਨਾ ਦਿੱਤਾ ਜਾਵੇਗਾ। ਧਰਨੇ ਦੌਰਾਨ ਰੇਲਵੇ ਆਵਾਜਾਈ ਨੂੰ ਰੋਕਿਆ ਜਾਵੇਗਾ। ਸਰਦਾਰ ਢੇਸੀ ਨੇ ਕਿਹਾ ਕਿ ਇਹ ਰੋਸ ਧਰਨਾ ਸ਼ਾਂਤੀਪੂਰਵਕ ਹੋਵੇਗਾ ਅਤੇ ਕਿਸਾਨ ਇੱਕਜੁੱਟ ਹੋ ਕੇ ਆਪਣਾ ਰੋਸ ਪ੍ਰਗਟ ਕਰਨਗੇ। ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।