ਸੰਗਰੂਰ (ਜਗਸੀਰ ਲੌਂਗੋਵਾਲ):ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਨਾਲ ਮਿਲ ਕੇ ਸ਼ੁਰੂ ਕੀਤੇ ਜੀਈਐਫ 7 (ਐਫ ਓ ਐਲ ਯੂ ਆਰ) ਪ੍ਰੋਜੈਕਟ ਅਧੀਨ ਚੁਣੇ ਹੋਏ ਬਲਾਕ ਧੂਰੀ ਦੇ ਪਿੰਡ ਭੱਦਲਵੱਢ ਵਿਖੇ “ਕਣਕ ਦੀ ਫਸਲ ਵਿੱਚ ਮੁੱਖ ਅਤੇ ਅਤੇ ਲਘੂ ਪੌਸ਼ਟਿਕ ਤੱਤਾਂ ਦਾ ਏਕੀਕ੍ਰਿਤ ਪ੍ਰਬੰਧਨ” ਵਿਸ਼ੇ ‘ਤੇ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਯੋਗ ਅਗਵਾਈ ਹੇਠ ਇੱਕ-ਦਿਨਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਕਣਕ ਦੀ ਉਤਪਾਦਕਤਾ ਅਤੇ ਮਿੱਟੀ ਦੀ ਸਿਹਤ ਨੂੰ ਵਧਾਉਣ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਜਾਗਰੂਕ ਕਰਨਾ ਹੈ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕੇਵੀਕੇ, ਸੰਗਰੂਰ ਨੇ ਕਣਕ ਦੀ ਫਸਲ ਵਿੱਚ ਵੱਖ-ਵੱਖ ਮੁੱਖ ਅਤੇ ਲਘੂ ਪੌਸ਼ਟਿਕ ਤੱਤਾਂ ਦੀ ਘਾਟ ਦੇ ਲੱਛਣਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਵਿਸਥਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਕਣਕ ਦੀ ਫ਼ਸਲ ਵਿੱਚ ਪੌਸ਼ਟਿਕ ਤੱਤਾਂ ਦੀ ਵਰਤੋਂ ਮਿੱਟੀ ਦੀ ਪਰਖ ਅਨੁਸਾਰ ਕਰਨ ‘ਤੇ ਜ਼ੋਰ ਦਿੱਤਾ। ਉਹਨਾਂ ਬੇਲੋੜੀਆਂ ਖਾਦਾਂ ਅਤੇ ਖਾਦਾਂ ਦੇ ਮਿਸ਼ਰਣ ਦੀ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਕਣਕ ਦੀ ਫ਼ਸਲ ਵਿੱਚ ਸੁਚੱਜੇ ਨਦੀਨ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ। ਕਿਸਾਨਾਂ ਨੇ ਨਦੀਨਾਂ ਦੇ ਵੱਖ-ਵੱਖ ਪੜਾਵਾਂ ‘ਤੇ ਵੱਖ-ਵੱਖ ਨਦੀਨਨਾਸ਼ਕਾਂ ਦੀ ਪ੍ਰਭਾਵਸ਼ੀਲਤਾ ਅਤੇ ਕਣਕ ਵਿੱਚ ਮੈਂਗਨੀਜ ਅਤੇ ਸਲਫ਼ਰ ਦੀ ਘਾਟ ਸਬੰਧੀ ਕਈ ਸਵਾਲ ਪੁੱਛੇ। ਜਿਨ੍ਹਾਂ ਦੇ ਮਾਹਿਰਾਂ ਵੱਲੋਂ ਢੁਕਵੇਂ ਸੁਝਾਅ ਦਿੱਤੇ ਗਏ। ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਵੀ ਸਿਖਲਾਈ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਅਖੀਰ ਵਿੱਚ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਸੁਪਰ ਸੀਡਰ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਕੀਤਾ ਗਿਆ। ਪਿੰਡ ਦੇ ਕਿਸਾਨਾਂ ਵੱਲੋਂ ਮਾਹਿਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਅਗਾਂਹਵਧੂ ਕਿਸਾਨਾਂ ਸ. ਹਰਵਿੰਦਰ ਸਿੰਘ ਅਤੇ ਸ. ਸੰਦੀਪ ਸਿੰਘ ਨੇ ਸ਼ਲਾਘਾਯੋਗ ਉਪਰਾਲਾ ਕੀਤਾ।