ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371
ਬਾਬਾ ਨਾਨਕ ਜੀ, ਜਦ ਅਸੀਂ ਤੁਹਾਡਾ 555ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹੋਵਾਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਇਹ ਸਭ ਦੇਖ ਕੇ ਸਾਡੇ ਮੰਦਬੁੱਧੀ ਲੋਕਾਂ ਦੀ ਮੱਤ ਨੂੰ ਜਰੂਰ ਕੋਸ ਰਹੇ ਹੋਵੋਗੇ। ਤੁਸੀਂ ਅੱਜ ਤੋਂ ਪੰਜ-ਸਾਢੇ ਪੰਜ ਸਦੀਆਂ ਪਹਿਲਾਂ, ਜਦ ਇਸ ਲੋਕਾਈ ਨੂੰ ਤੱਕਿਆ ਸੀ ਤਾਂ ਉਸ ਸਮੇਂ ਊਚ-ਨੀਚ, ਜਾਤ-ਪਾਤ, ਚੋਰ-ਪਾਖੰਡੀਆਂ, ਮਲਿਕ ਭਾਗੋਆਂ ਦੀ ਚਾਂਦੀ ਸੀ ਤੇ ਤੁਸੀਂ ਆਪਣੀ ਵਿਚਾਰਧਾਰਾ ਨਾਲ ਉਹਨਾਂ ਨੂੰ ਕੁਝ ਹੱਦ ਤੱਕ ਸਿੱਧੇ ਰਾਹ ਪਾ, ਕੁੱਲ ਲੋਕਾਈ ਨੂੰ ਸੱਚ ਦਾ ਸੁਨੇਹਾ ਦਿੱਤਾ ਪਰ ਪੰਜ ਸਾਢੇ ਪੰਜ ਸਦੀਆਂ ਤੋਂ ਬਾਅਦ ਵੀ ਅਸੀਂ ਅੱਜ ਫਿਰ ਉਹੀ ਮੋੜ ਤੇ ਆ ਖੜੇ ਹੋਏ ਹਾਂ, ਜਿੱਧਰ ਨੂੰ ਜਾਣ ਤੋਂ ਤੁਸੀਂ ਸਾਨੂੰ ਵਰਜਿਆ ਸੀ ।
ਬਾਬਾ! ਤੁਸੀਂ ਜਿਸ ਪਵਣੁ (ਹਵਾ) ਨੂੰ ਗੁਰੂ ਦਾ ਦਰਜਾ ਦਿੱਤਾ ਸੀ, ਜੇਕਰ ਆਪਣੇ ਪ੍ਰਕਾਸ਼ ਪੁਰਬ ਦੇ ਦਿਨ ਆ ਕੇ ਦੇਖੋਂ ਤਾਂ ਸਾਡੇ ਅਗਾਂਹਵਧੂਆਂ ਦੀ ਬੁੱਧੀ ਦੇਖ ਸੋਚੋਂਗੇ ਕਿ ਕੀ ਮੈਂ ਇਹਨਾਂ ਨੂੰ ਇਹ ਸਭ ਕਰਨ ਲਈ ਆਖਿਆ ਸੀ? ਬਾਬਾ ਜੀ, ਅੱਜ ਤਾਂ ਅਸੀਂ ਤੁਹਾਡੇ ਤਰਸ ਦੇ ਪਾਤਰ ਵੀ ਨਹੀਂ ਰਹੇ! ਤੁਸੀਂ ਤਾਂ ਆਪਣ ਹੱਥੀਂ ਆਪਣਾ ਕਾਰਜ ਸਵਾਰਨ ਨੂੰ ਕਿਹਾ ਸੀ ਪਰ ਅਸੀਂ ਤਾਂ ਆਪਣੇ ਹੱਥੀਂ ਆਪਣਾ ਤੇ ਆਉਣ ਵਾਲੀਆਂ ਨਸਲਾਂ ਦਾ ਕਾਰਜ ਸਵਾਰਨ ਦੀ ਥਾਂ ਵਿਗਾੜ ਕੇ ਹੀ ਰੱਖ ਦਿੱਤਾ ਹੈ। ਪਿਤਾ ਸਮਾਨ ਪਾਣੀ ਤੇ ਮਾਤਾ ਸਮਾਨ ਧਰਤੀ, ਸਭ ਕੁਝ ਨੂੰ ਗੰਧਲਾ ਕਰ ਕੇ ਰੱਖ ਦਿੱਤਾ ਹੈ। ਧਰਤੀ ਮਾਂ ਦੀ ਹਿੱਕ ਪਾੜ-ਪਾੜ ਅਸੀਂ ਬੇਹਿਸਾਬਾ ਪਾਣੀ ਬਰਬਾਦ ਕਰ ਦਿੱਤਾ ਹੈ ਤੇ ਰਹਿੰਦਾ-ਖੂੰਹਦਾ ਅਸੀਂ ਨਵ-ਜਨਮਿਆਂ ਦੇ ਪੀਣ ਯੋਗ ਵੀ ਨਹੀਂ ਛੱਡਿਆ ਤੇ ਕੱਠੇ ਹੋ ਕੇ ਅਸੀਂ ਕੋਸਦੇ ਅੱਜ ਦੇ ਬਾਬਰਾਂ ਨੂੰ ਫਿਰਦੇ ਹਾਂ।
ਬਾਬਾ ਜੀ! ਤੁਸੀਂ ਤਾਂ ਆਪਣੇ ਕਰਤੱਵ ਪਛਾਣ ਕੇ ਬਾਅਦ ਵਿੱਚ ਆਪਣੇ ਤੇ ਲੋਕਾਈ ਦੇ ਹੱਕਾਂ ਲਈ ਬਾਬਰ ਨਾਲ ਸਿੱਧਾ ਮੱਥਾ ਵੀ ਲਾਇਆ ਸੀ ਪਰ ਅੱਜ ਅਸੀਂ ਸਿਰਫ ਆਪਣੇ ਹੱਕ ਤੇ ਲਾਲਚ ਅੱਗੇ ਰੱਖ ਕੇ ਚੱਲ ਰਹੇ ਹਾਂ, ਆਪਣੇ ਕਰਤੱਵਾਂ ਨੂੰ ਤਾਂ ਅਸੀਂ ਕਦੋਂ ਦੀ ਤਿਲਾਂਜਲੀ ਦੇ ਦਿੱਤੀ ਹੈ। ਜੇਕਰ ਆਪਦੀ ਸਿੱਖਿਆ ਤੇ ਚੱਲਦੇ ਹੋਏ ਆਪਣੇ ਕਰਤੱਵ ਪਛਾਣ ਆਪਣੇ ਹੱਕਾਂ ਲਈ ਲੜਦੇ ਤਾਂ ਹੋ ਸਕਦਾ, ਤੁਸੀਂ ਵੀ ਆ ਸਾਡੇ ਨਾਲ ਖੜੋ ਜਾਂਦੇ ! ਪਰ ਅਸੀਂ , ‘ਕੂੜ ਫਿਰੈ ਪ੍ਰਧਾਨ ਵੇ ਲਾਲੋ।। ’ ਵਾਲੀ ਰਟਨ ਵਿੱਚ ਆਪਣੀਆਂ ਚੌਧਰਾਂ/ਲਾਲਚ ਕਾਇਮ ਰੱਖਣ ਵਿੱਚ ਲੱਗੇ ਹੋਏ ਹਾਂ। ਸਾਨੂੰ ਨਹੀਂ ਚਿੰਤਾ, ਤੁਹਾਡੇ ਬੋਲਾਂ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ’ ਦੀ।
ਬਾਬਾ ਜੀ! ਤੁਸੀਂ ਤਾਂ ਉਸ ਸਮੇਂ ਪਾਂਧਿਆ ਨੂੰ ਵੀ ਆਪਣੇ ਵਿਚਾਰਾਂ ਦਾ ਪਾਠ ਪੜਾ ਕੇ ਸਿੱਧੇ ਰਾਹ ਪਾਇਆ ਸੀ ਪਰ ਅੱਜ ਦੇ ਪਾਂਧਿਆਂ ਨਾਲ ਜੇਕਰ ਕੋਈ ਤੁਹਾਡੇ ਤਰਕਵਾਦੀ ਸਿਧਾਂਤ ਬਾਰੇ ਗੱਲ ਕਰਦਾ ਹੈ ਤਾਂ ਉਹ ਚਾਰੇ ਪੈਰ ਚੁੱਕ ਕੇ ਗੁਰੂ ਦਾ ਦੋਖੀ ਕਹਿ ਇਸ ਜਹਾਨ ਤੋਂ ਵੀ ਉਸ ਨੂੰ ਰੁਖਸਤ ਕਰ ਦਿੰਦੇ ਹਨ। ਕਿਉਂਕਿ ਅਜੋਕੇ ਪਾਂਧੇ, ਬਾਬਰ/ਮਲਿਕ ਭਾਗੋਆਂ ਨਾਲ ਸਾਂਝ ਪਾ ਚੁੱਕੇ ਹਨ ਤੇ ਕੁੱਲ ਲੋਕਾਈ ਨੂੰ ਤੁਹਾਡੇ ਦੱਸੇ ਕਿਰਤੀ ਸਿਧਾਂਤ ਨਾਲੋਂ ਤੋੜ ਸਿੱਧਾ ਨਾਮ ਜਪਾ ਕੇ (ਨਾਮ ਵੇਚ ਕੇ) ਸਵਰਗ ਦੀ ਟਿਕਟ ਦੇ ਰਹੇ ਹਨ। ਬਾਬਾ! ਤੁਸੀਂ ਤਾਂ ਸਾਰੀ ਦੁਨੀਆਂ ਪੈਦਲ ਘੁੰਮ ਆਪਣੇ ਵਚਨਾਂ ਨੂੰ, ਕਰਤਾਰਪੁਰ ਵਿੱਚ ਖੇਤੀ ਕਰਕੇ, ਅਮਲ ਵਿੱਚ ਲਿਆਂਦਾ ਪਰ ਅਜੋਕੇ ਪਾਂਧੇ ਤਾਂ ਸੌ ਕਦਮ ਚੱਲ ਕੇ ਹੀ ਹੌਂਕਣ ਲੱਗ ਜਾਂਦੇ ਨੇ। ਕਿਉਂਕਿ ਉਹ ਕਿਹੜਾ ਤੁਹਾਡੇ ਵਾਂਗ ਭਾਈ ਲਾਲੋ ਵਰਗੇ ਕਿਰਤੀ ਦੀ ਕੋਧਰੇ ਦੀ ਰੋਟੀ ਥੋੜੋ ਖਾਂਦੇ ਆ, ਉਹ ਤਾਂ ਅਜੋਕੇ ਮਲਿਕ ਭਾਗੋਆਂ ਦੇ ਛੱਤੀ ਪ੍ਰਕਾਰ ਦੇ ਭੋਜਨਾਂ ਤੇ ਡੁੱਲੇ ਰਹਿੰਦੇ ਹਨ ਤੇ ਪੈਦਲ ਚੱਲਣ ਲਈ ਤਾਂ ਉਹਨਾਂ ਕੋਲ ਵਿਹਲ ਹੀ ਨਹੀਂ। ਉਹਨਾਂ ਨੇ ਵੀ ਆਪਣੇ ਅਹੁਦੇ ਵੱਡੀਆਂ-ਛੋਟੀਆਂ ਗੱਡੀਆਂ ਦੇ ਮਾਡਲਾਂ ਵਾਂਗ ਵੱਡੇ-ਛੋਟੇ ਬਣਾ ਲਏ ਨੇ। ਜਿੰਨੀ ਵੱਡੀ ਤੇ ਉੱਚੇ ਮਾਡਲ ਦੀ ਗੱਡੀ, ਉਨਾਂ ਵੱਡਾ ਪਾਂਧਾ। ਇਹ ਤਾਂ ਤੁਹਾਡੀ ਕਿਰਤੀ ਵਿਚਾਰਧਾਰਾ ਨੂੰ ਹੀ ਖਤਮ ਕਰਨ ਲੱਗੇ ਹੋਏ ਹਨ। ਤੁਹਾਡੀ ਹਲ ਵਾਹੁੰਦਿਆਂ ਦੀ ਤਸਵੀਰ (ਬੇਸ਼ੱਕ ਉਹ ਕਿਸੇ ਕਲਾਕਾਰ ਦੀ ਕਲਪਨਾ ਸੀ) ਨੂੰ ਛੋਟੇ ਹੁੰਦੇ ਦੇਖਦੇ ਰਹੇ ਹਾਂ, ਪਰ ਅਜੋਕੇ ਬਾਬਰ ਪੱਖੀ ਤਸਵੀਰਘਾੜਿਆਂ ਨੇ ਆਪ ਨੂੰ ਮਖਮਲੀ ਗੱਦੀਆਂ ਵਾਲਾ ਬਾਬਾ ਬਣਾ ਦਿੱਤਾ ਹੈ । ਅਜਿਹੀਆਂ ਮਖਮਲੀ ਗੱਦੀਆਂ ਦਾ ਅਨੰਦ ਮਾਨਣ ਵਾਲੇ ਅਜੋਕੇ ਪਾਂਧੇ, ਆਪ ਦੇ ਸ਼ਬਦ-ਵਿਚਾਰ ਵੇਚ ਕੇ ਆਪਣੇ ਢਿੱਡ, ਦਿਨ ਦੁੱਗਣੇ ਤੇ ਰਾਤ ਚੌਗਣੇ ਭਰ ਰਹੇ ਹਨ। ਇਹਨਾਂ ਦਾ ਤਾਂ ਵੱਸ ਨੀਂ ਚੱਲਦਾ, ਨਹੀਂ ਤਾਂ ਇਹ ਆਪਣੀ ਵਿਚਾਰਧਾਰਾ ਅਨੁਸਾਰ ਹੀ ਨਵਾਂ ਧਰਮ ਗ੍ਰੰਥ ਬਣਾ ਦੇਣ। ਇਸ ਤੋਂ ਵੀ ਨਾਂਹ ਨਹੀ ਕੀਤੀ ਜਾ ਸਕਦੀ। ਸੋ ਬਾਬਾ ਜੀ ! ਸਾਨੂੰ ਬਖਸ਼ੋ ।ਸਾਨੂੰ ਆਪਣੀ ਵਿਚਾਰਧਾਰਾ ਕਿਰਤ ਨਾਲ ਜੋੜ ਕੇ ” ਪਵਣੁ ਗੁਰੂ ਪਾਣੀ ਪਿਤਾ , ਮਾਤਾ ਧਰਤੁ ਮਹਤੁ। ।” ਦੇ ਸਿਧਾਂਤ ਅਨੁਸਾਰ ਚੱਲਣ ਦੀ ਸੋਝੀ ਬਖਸ਼ੋ ਤਾਂ ਜੋ ਅਸੀਂ ਤੁਹਾਡਾ ਪ੍ਰਕਾਸ਼ ਪੁਰਬ ਮਨਾਉਣ ਦੇ ਯੋਗ ਹੋ ਸਕੀਏ।
– ਪੱਤਰਕਾਰ ਮਨੀ ਰਸੂਲਪੁਰੀ।