ਅੰਮ੍ਰਿਤਸਰ ਦੇ ਵਿਕਾਸ ਲਈ ਕਿਸੇ ਨਾਲ ਵੀ ਸਾਂਝੇ ਯਤਨਾਂ ਲਈ ਤਿਆਰ ਹਾਂ : ਤਰਨਜੀਤ ਸੰਧੂ ਸਮੁੰਦਰੀ

Share and Enjoy !

Shares
ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ  ਰਹੇ ਸ. ਤਰਨਜੀਤ ਸੰਧੂ ਸਮੁੰਦਰੀ ਨੇ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਦਾ ਸਰਬਪੱਖੀ ਵਿਕਾਸ ਕਰਨਾ ਮੇਰਾ ਟੀਚਾ ਹੈ ਅਤੇ ਇਸ ਦੀ ਪੂਰਤੀ ਲਈ ਕਿਸੇ ਵੀ ਧਾਰਮਿਕ, ਸਮਾਜਿਕ ਅਤੇ ਉਨ੍ਹਾਂ ਰਾਜਨੀਤਕ ਪਾਰਟੀਆਂ ਅਤੇ ਆਗੂਆਂ ਨਾਲ ਮਿਲ ਕੇ ਸਾਂਝੇ ਯਤਨਾਂ ਨਾਲ ਕੰਮ ਕਰਨ ਲਈ ਤਿਆਰ ਹਾਂ, ਜੋ ਸ਼ਹਿਰ ਦੀ ਬਿਹਤਰੀ ਅਤੇ ਵਿਕਾਸ ਚਾਹੁੰਦੇ ਹੋਣ।
ਭਾਜਪਾ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਚੋਣ ਲੜ ਚੁੱਕੇ ਸੰਧੂ ਸਮੁੰਦਰੀ ਨੇ ਆਪਣੀ ਰਿਹਾਇਸ਼ ‘ਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ  ਸ਼ਹਿਰ ਦੇ ਵਿਕਾਸ ’ਤੇ ਸਭ ਨੂੰ ਧਿਆਨ ਦੇਣ ਅਤੇ ਸਮਾਂ ਦੇਣ ਦੀ ਲੋੜ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਇਹ ਵੱਡੀ ਜ਼ਿੰਮੇਵਾਰੀ ਹੈ ਜਿਨ੍ਹਾਂ ’ਤੇ ਲੋਕਾਂ ਨੇ ਭਰੋਸਾ ਜਿਤਾਇਆ ਹੋਵੇ। ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਸਮਝ ਸਕਦਾ ਹਾਂ ਅਤੇ ਸ਼ਹਿਰ ਦੀ ਬਿਹਤਰੀ ਲਈ ਮੇਰੇ ਵੱਲੋਂ ਖ਼ਾਮੋਸ਼ੀ ਅਤੇ ਇਮਾਨਦਾਰੀ ਨਾਲ ਜੋ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਨਤੀਜੇ ਜਲਦ ਸਾਹਮਣੇ ਆਉਣਗੇ। ਕੇਂਦਰ ਸਰਕਾਰ ਦੀਆਂ ਅਨੇਕਾਂ ਸਕੀਮਾਂ ਅਤੇ ਯੋਜਨਾਵਾਂ ਹਨ ਜੋ ਹੇਠਲੇ ਪੱਧਰ ਤਕ ਨਹੀਂ ਪਹੁੰਚ ਰਹੀਆਂ, ਉਨ੍ਹਾਂ ਨੂੰ ਅੰਮ੍ਰਿਤਸਰ ਦੇ ਲੋਕਾਂ ਤਕ ਪਹੁੰਚ ਯਕੀਨੀ ਬਣਾਈ ਜਾਵੇਗੀ।  ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ, ਨਸ਼ਾ ਅਤੇ ਅਮਨ ਕਾਨੂੰਨ ਦੀ ਵੱਡੀ ਸਮੱਸਿਆ ਹੈ।  ਜਿਨ੍ਹਾਂ ਤੋਂ ਲੋਕਾਂ ਨੂੰ ਤੁਰੰਤ ਨਿਜਾਤ ਦਿਵਾਉਣ ਦੀ ਲੋੜ ਹੈ। ਭਾਰਤ ਕੈਨੇਡਾ ਦਰਮਿਆਨ ਮਾਮਲਿਆਂ ਬਾਰੇ ਪੁੱਛੇ ਜਾਣ’ਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਰਹੇ ਸ. ਸੰਧੂ ਸਮੁੰਦਰੀ ਨੇ ਕਿ ਕਿਹਾ ਕਿ ਇਸ ਮਾਮਲੇ ’ਚ  ਭਾਰਤ ਦੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਮੰਤਰਾਲੇ ਵੱਲੋਂ ਲੋੜੀਂਦੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧ ਹੁਣ ਭਾਈਵਾਲੀ ਵਿਚ ਬਦਲ ਚੁੱਕੀ ਹੈ। ਦੁਵੱਲੀ ਵਪਾਰ ਅਤੇ ਸਾਇੰਸ ਐਡ ਟੈਕਨਾਲੋਜੀ ’ਚ ਦੋਵੇਂ ਦੇਸ਼ ਮਿਲ ਕੇ ਅੱਗੇ ਵੱਧ  ਰਹੇ ਹਨ। ਉਨ੍ਹਾਂ ਕਿਹਾ ਵੱਡੀਆਂ ਅਮਰੀਕੀ ਕੰਪਨੀਆਂ ’ਚ ਭਾਰਤੀ ਲੋਕ ਵੱਡੀਆਂ ਪੁਜ਼ੀਸ਼ਨਾਂ ’ਚ ਹਨ ,ਜਿਨ੍ਹਾਂ  ਤੋਂ ਭਾਰਤ ਅਤੇ ਭਾਰਤੀ ਜਨਤਾ ਲਈ ਲਾਭ ਉਠਾਇਆ ਜਾ ਸਕਦਾ ਹੈ। ਇਸ ਬਾਰੇ ਉਹ ਆਪਣੀ ਬਣਦੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੌਜਵਾਨਾਂ ਨੂੰ ਭੇਡ ਚਾਲ ’ਤੇ ਚਲਦਿਆਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੋ ਐਜੂਕੇਸ਼ਨ ਵਿਦੇਸ਼ਾਂ ਵਿਚ ਮਿਲ ਰਹੀ ਹੈ ਉਹੀ ਸਾਡੇ ਦੇਸ਼ ਵਿਚ ਵੀ ਮਿਲਣੀ ਚਾਹੀਦੀ ਹੈ। ਇਹ ਮੌਕੇ ਇਥੇ ਨਸੀਬ ਹੋਵੇ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ? ਉਨ੍ਹਾਂ ਸਿੱਖਿਆ ਡਿੱਗਰੀ ਪੱਖੀ ਨਾ ਹੋਕੇ ਸਗੋਂ ਸਕਿੱਲ ਪੱਖੀ ਹੋਣ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਤੋਂ ਇਲਾਵਾ ਦਿਹਾਤੀ ਅਤੇ ਸ਼ਹਿਰੀ ਖੇਤਰ ’ਚ ਆਮਦਨੀ ਵਧਣੀ ਚਾਹੀਦੀ ਹੈ। ਖੇਤੀ ਜਿਨਸਾਂ, ਫਲ਼ ਅਤੇ ਸਬਜ਼ੀਆਂ ਦੀ ਯੂਏਈ, ਮਿਡਲ ਈਸਟ ਅਤੇ ਯੂਰਪੀਅਨ ਦੇਸ਼ਾਂ ਵਿਚ ਮੰਡੀਕਰਨ ਦੀ ਵਕਾਲਤ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਨਾ ਕੇਵਲ ਵਾਹਗਾ ਬਾਰਡਰ ਦੇ ਰਸਤੇ ਸਗੋਂ ਸਮੁੰਦਰੀ ਰਸਤੇ ਯੂਏਈ ਤੋਂ ਯੂਰਪੀਅਨ ਤਕ ਕਾਰੀਡੋਰ ਅਤੇ ਅੰਮ੍ਰਿਤਸਰ ਤੋਂ ਏਅਰ ਕਾਰਗੋ ਸੇਵਾਵਾਂ ਦੀ ਪੂਰੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਜਿਨ੍ਹਾਂ ਦੇਸ਼ਾਂ ਵਿਚ ਖੇਤੀ ਵਸਤਾਂ ਦੀ ਭਾਰੀ ਕੀਮਤ ਮਿਲਦੀ ਹੈ, ਉਨ੍ਹਾਂ ਦੇਸ਼ਾਂ ਨਾਲ ਵਪਾਰ ਕਰਨ ਲਈ ਪਾਕਿਸਤਾਨ  ਵੀ ਟਰਾਂਜ਼ਿਟ ਰੂਟ ਨੂੰ ਬੰਦ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ’ਚ ਡੇਢ ਤੋਂ ਦੋ ਲੱਖ ਸ਼ਰਧਾਲੂ ਰੋਜ਼ਾਨਾ ਆਉਂਦੇ ਹਨ, ਜਿਨ੍ਹਾਂ ਨੂੰ ਟੂਰਿਸਟ ਅਤੇ ਟੂਰਿਸਟ ਹੱਬ ਜਾਂ ਇੰਡਸਟਰੀ ’ਚ ਬਦਲਣ ਦੀ ਲੋੜ ਹੈ। ਉਨ੍ਹਾਂ ਬੰਦਰਗਾਹ ਨਾਲ ਜੁੜਨ ਲਈ ਪੱਟੀ ਫ਼ਿਰੋਜਪੁਰ ਰੇਲ ਲਿੰਕ ਜਲਦ ਮੁਕੰਮਲ ਕਰਨ ਵਲ ਕਦਮ ਚੁੱਕਣ ਲਈ ਪੰਜਾਬ ਸਰਕਾਰ ਕਿਹਾ।  ਅੰਮ੍ਰਿਤਸਰ ਵਿਚ ਅਮਰੀਕੀ ਦੂਤਾਵਾਸ ਸਥਾਪਿਤ ਕਰਨ ਬਾਰੇ ਪੁੱਛੇ ਜਾਣ’ਤੇ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਪ੍ਰਗਤੀ ਅਧੀਨ ਹੈ, ਪਰ ਮੌਜੂਦਾ ਐੱਮ ਪੀ ਨੂੰ ਇਸ ਕੇਸ ਦੀ ਪੁਰਜ਼ੋਰ ਵਕਾਲਤ ਕਰਨੀ ਚਾਹੀਦੀ ਹੈ।  ਇਸ ਮੌਕੇ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਅਤੇ ਸ. ਪਰਮਿੰਦਰ ਸਿੰਘ ਸੰਧੂ ਵੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published. Required fields are marked *