ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ):ਸਿੱਖਾਂ ਦੇ ਅਤਿ ਮੁਕੱਦਸ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨਾਮ ਤੇ ਚਲਦੇ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਹੋਣਾ ਅਤਿ ਮੰਦਭਾਗਾ ਹੈ।ਸ੍ਰੀ ਅੰਮ੍ਰਿਤਸਰ ਸਾਹਿਬ, ਜਿਸਨੂੰ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਸਿਰਫ ਸਿੱਖ ਸੰਗਤ ਲਈ ਹੀ ਨਹੀਂ, ਸਗੋਂ ਪੂਰੇ ਜਗਤ ਲਈ ਆਧਿਆਤਮਕ ਪ੍ਰੇਰਣਾਦਾਇਕ ਕੇਂਦਰ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਨਗਰੀ ਵਿੱਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਹੇਠ ਚਲਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਰਾਬ ਦੀ ਵਿਕਰੀ ਧਾਰਮਿਕ ਸਿਧਾਂਤਾਂ ਅਤੇ ਸੱਭਿਆਚਾਰਕ ਮੁੱਲਾਂ ਨੂੰ ਅਯੋਗ ਅਤੇ ਅਪਮਾਨਿਤ ਕਰਦੀ ਹੈ। ਗੁਰੂ ਸਾਹਿਬ ਦੇ ਨਾਮ ਤੇ ਚਲਦੇ ਇਸ ਹਵਾਈ ਅੱਡੇ ‘ਤੇ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਸਿਰਫ ਸਿੱਖ ਧਰਮ ਦੇ ਮਰਯਾਦਾ ਦੇ ਉਲੰਘਣ ਕਰਨ ਵਾਲਾ ਕਦਮ ਹੀ ਨਹੀਂ, ਸਗੋਂ ਇਸ ਨਾਲ ਆਉਣ ਵਾਲੇ ਗੈਰ ਸਿੱਖ ਸ਼ਰਧਾਲੂਆਂ ਤੇ ਕੀ ਪ੍ਰਭਾਵ ਪੈਂਦਾ ਹੋਵੇਗਾ ਇਸ ਪ੍ਰਤੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ ਗਈ। ਐਡਵੋਕੇਟ ਰਵਨੀਤ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਇਸ ਹਵਾਈ ਅੱਡੇ ਤੋਂ ਸਫਰ ਕਰਨ ਦੌਰਾਨ ਹਵਾਈ ਅੱਡੇ ਤੇ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਉਹਨਾਂ ਨੂੰ ਅਚੰਭਿਤ ਕੀਤਾ। ਜਿੱਥੇ ਏਅਰਪੋਰਟ ਦੇ ਹਰ ਕਰਮਚਾਰੀਆਂ ਨੂੰ ਦਸਤਾਰ ਸਜਾਈ ਵੇਖਿਆ ਉਥੇ ਹੀ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਹੋਣਾ ਅਤਿ ਮੰਦਭਾਗਾ ਅਤੇ ਨਿੰਦਣਯੋਗ ਹੈ। ਜਿਸ ਸਬੰਧੀ ਮੇਰੇ ਵੱਲੋਂ ਸਬੰਧਿਤ ਮੰਤਰੀ ਏਅਰਪੋਰਟ ਅਥਾਰਟੀ ਪੰਜਾਬ ਦੇ ਮੁੱਖ ਮੰਤਰੀ ਸਮੇਤ ਐਸਜੀਪੀਸੀ ਅਤੇ ਘੱਟ ਗਿਣਤੀ ਕਮਿਸ਼ਨ ਨੂੰ ਲਿਖਿਆ ਗਿਆ ਹੈ ਤਾਂ ਜੋ ਸ਼ਰਾਬ ਅਤੇ ਤੰਬਾਕੂ ਦੀ ਡਿਊਟੀ ਫਰੀ ਸ਼ਾਪ ਨੂੰ ਅੰਮ੍ਰਿਤਸਰ ਸਾਹਿਬ ਦੇ ਏਅਰਪੋਰਟ ਤੋਂ ਬੰਦ ਕੀਤਾ ਜਾਵੇ ਅਤੇ ਹੋਰ ਧਾਰਮਿਕ ਸਥਾਨਾਂ ਵਾਲੇ ਏਅਰਪੋਰਟਾ ਤੋਂ ਵੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਬੰਦ ਹੋਣੀ ਚਾਹੀਦੀ ਹੈ। ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਅਤੇ ਸ੍ਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਤੁਰੰਤ ਪ੍ਰਭਾਵ ਨਾਲ ਸ਼ਰਾਬ ਅਤੇ ਤੰਬਾਕੂ ਦੀ ਵਿਕਰੀ ਬੰਦ ਕਰਨ ਦੇ ਹੁਕਮ ਜਾਰੀ ਕਰਨੇ ਚਾਹੀਦੇ ਹਨ।ਇਹ ਸਿਰਫ ਸਿੱਖ ਸੰਗਤ ਦੀ ਮੰਗ ਨਹੀਂ, ਸਗੋਂ ਉਹਨਾਂ ਸਾਰੇ ਲੋਕਾਂ ਦੀ ਆਵਾਜ਼ ਹੈ ਜੋ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਬਰਕਰਾਰ ਰੱਖਣ ‘ਤੇ ਜ਼ੋਰ ਦਿੰਦੇ ਹਨ। ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਐਡਵੋਕੇਟ ਰਵਨੀਤ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਸਾਰੇ ਵਰਗਾਂ ਨੂੰ ਅਪੀਲ ਕਰਦੇ ਹਾਨ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਆਓ ਮਿਲ ਕੇ ਧਾਰਮਿਕ ਅਸਥਾਨਾਂ ਵਾਲੇ ਏਅਰਪੋਰਟਾਂ ਤੋਂ ਅਜਿਹੀ ਨਸ਼ੀਲੀਆਂ ਪਦਾਰਥਾਂ ਦੀ ਵਿਕਰੀ ਬੰਦ ਕਰਵਾਉਣ ਲਈ ਅੱਗੇ ਆਈਏ। ਇਸ ਮੌਕੇ ਸ਼ੁਭਮ ਬਾਗੜੀ, ਸ਼ੁਭਮ ਗਰਗ, ਰਮਨਦੀਪ ਸਿੰਘ, ਹਰਵਿੰਦਰ ਕੁਦਨੀ ਤੇ ਕਰਨ ਗਰਗ ਮੌਜ਼ੂਦ ਸਨ।