ਸੰਗਰੂਰ (ਜਗਸੀਰ ਲੌਂਗੋਵਾਲ) :ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਆਪਣੇ ਸੂਬੇ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਅਪਰਾਧ ਪਿਛਲੇ ਸਾਰੇ ਹੱਦ ਬੰਨੇ ਟੱਪ ਚੁੱਕੇ ਹਨ, ਪਰ ਮੁੱਖ ਮੰਤਰੀ ਰਾਜ ਨੂੰ ਛੱਡ ਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਵਲ ਮੁੱਖ ਮੰਤਰੀ ਹੀ ਨਹੀਂ, ਪੰਜਾਬ ਦਾ ਸਮੁੱਚਾ ਮੰਤਰੀ ਮੰਡਲ ਹੀ ਦਿੱਲੀ ਦੀਆਂ ਸੜਕਾਂ ਤੇ ਫਿਰਦਾ ਵਿਖਾਈ ਦੇ ਰਿਹਾ ਹੈ, ਸੂਬਾ ਸਰਕਾਰ ਪੱਖੋਂ ਖਾਲੀ ਹੈ। ਕਾ: ਸੇਖੋਂ ਨੇ ਕਿਹਾ ਕਿ ਇਸਨੂੰ ਅਪਰਾਧ ਦਾ ਸਿਖ਼ਰ ਹੀ ਕਿਹਾ ਜਾ ਸਕਦਾ ਹੈ ਕਿ ਕੁੱਝ ਦਿਨ ਪਹਿਲਾਂ ਜਿਲ੍ਹਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਸੱਤ੍ਹਾ ਭੋਗ ਰਹੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਨਸ਼ਾ ਤਸਕਰਾਂ ਵੱਲੋਂ ਦਰਜਨਾਂ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਗਰੀਬ ਮਜਦੂਰਾਂ ਦੇ ਅੱਠ ਘਰ ਸਾੜ ਕੇ ਸੁਆਹ ਕਰ ਦਿੱਤੇ ਅਤੇ ਉਹਨਾਂ ਪਰਿਵਾਰਾਂ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਪੀੜ੍ਹਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਦੋ ਪਰਿਵਾਰਾਂ ਦਾ ਝਗੜਾ ਪੇਸ਼ ਕਰਨ ਦਾ ਯਤਨ ਕੀਤਾ। ਇਸ ਕਾਰਵਾਈ ਵਿੱਚ ਹਮਲਾਵਰਾਂ ਨੇ ਪੈਟਰੌਲ ਬੰਬਾਂ ਦੀ ਵਰਤੋਂ ਕੀਤੀ। ਇਸਤੋਂ ਕੁੱਝ ਦਿਨ ਬਾਅਦ ਸ੍ਰੀ ਅੰਮ੍ਰਿਤਸਰ ਵਿਖੇ ਵੀ ਦਰਜਨਾਂ ਵਿਅਕਤੀਆਂ ਨੇ ਇਕੱਠੇ ਹੋ ਕੇ ਕਈ ਘਰ੍ਹਾਂ ਵਿੱਚ ਭੰਨਤੋੜ ਕੀਤੀ।
ਸੂਬਾ ਸਕੱਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਦੌਰ ਵਿੱਚ ਗਰੁੱਪ ਬਣਾ ਕੇ ਭੰਨਤੋੜ ਕਰਨ ਦਾ ਨਵਾਂ ਸਿਲਸਿਲਾ ਸੁਰੂ ਹੋ ਗਿਆ ਹੈ, ਜਿਸ ਕਾਰਨ ਲੋਕ ਹੁਣ ਘਰਾਂ ਵਿੱਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਪੈਟਰੌਲ ਬੰਬਾਂ ਦੀ ਵਰਤੋਂ ਵੀ ਇਸ ਸਰਕਾਰ ਦੇ ਦੌਰ ਵਿੱਚ ਨਵੀਂ ਸੁਰੂ ਹੋ ਗਈ ਹੈ। ਉਹਨਾਂ ਕਿਹਾ ਰਾਜ ਵਿੱਚ ਨਸ਼ਿਆਂ ਦੇ ਕਾਰੋਬਾਰ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੋਵੇਂ ਬਰਾਬਰ ਦੀਆਂ ਜੁਮੇਵਾਰ ਹਨ, ਪਰ ਲੋਕਾਂ ਦੀ ਸੁਰੱਖਿਆ ਦੀ ਜੁਮੇਵਾਰੀ ਰਾਜ ਸਰਕਾਰ ਦੀ ਬਣਦੀ ਹੈ।
ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਦਿਨੋ ਦਿਨ ਵਧ ਰਿਹਾ ਹੈ, ਨਸ਼ਾ ਰੋਕਣ ਦੇ ਯਤਨ ਕਰਨ ਵਾਲਿਆਂ ਤੇ ਸਰੇਆਮ ਹਮਲੇ ਹੋ ਰਹੇ ਹਨ, ਉਹਨਾਂ ਦੀ ਕੁੱਟ ਮਾਰ ਕੀਤੀ ਜਾ ਰਹੀ ਹੈ, ਘਰ ਫੂਕੇ ਜਾ ਰਹੇ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੀਆਂ ਸੜਕਾਂ ਤੇ ਰੋਡ ਸ਼ੋਅ ਕਰਨ ਵਿੱਚ ਲੱਗੇ ਹੋਏ ਹਨ। ਪੰਜਾਬ ਦੇ ਲੋਕਾਂ ਨੇ ਸੂਬੇ ਦੇ ਲੋਕਾਂ ਦੀ ਸੁਰੱਖਿਆ, ਇਨਸਾਫ਼ ਅਤੇ ਬਣਦੇ ਹੱਕ ਦੇਣ ਲਈ ਭਗਵੰਤ ਮਾਨ ਦੇ ਹੱਥਾਂ ਵਿੱਚ ਤਾਕਤ ਦਿੱਤੀ ਸੀ, ਜਿਸਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਆਪਣੇ ਮੰਤਰੀ ਮੰਡਲ ਸਮੇਤ ਪੰਜਾਬ ਤੇ ਧਿਆਨ ਕੇਂਦਰਤ ਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ ਪ੍ਰਤੀ ਆਪਣੀ ਜੁਮੇਵਾਰੀ ਨਿਭਾਉਣ।