– ਪੰਜਾਬ ਦੇ ਲੋਕ ਹੁਣ ਸੂਬੇ ਦੇ ਭਲੇ ਲਈ ਭਾਜਪਾ ਨੂੰ ਸੱਤਾ ਸੌਂਪਣ ਲਈ ਉਤਾਵਲੇ ਹਨ : ਅਜੈਵੀਰ ਸਿੰਘ ਲਾਲਪੁਰਾ
ਰੂਪਨਗਰ : ਵਿਧਾਨ ਸਭਾ ਜਿਮਨੀ ਚੋਣਾਂ ਤਹਿਤ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਹਲਕਾ ਚੱਬੇਵਾਲ ’ਚ ਭਾਜਪਾ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਢਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਕੋਟ ਫਤੂਹੀ ਸਰਕਲ ਦੇ ਪਿੰਡਾਂ ਵਿਚ ਚੋਣ ਮੀਟਿੰਗਾਂ ਵਿਚ ਭਾਗ ਲਿਆ। ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੂਬੇ ਦੇ ਭਲੇ ਲਈ ਭਾਜਪਾ ਨੂੰ ਸੱਤਾ ਸੌਂਪਣ ਲਈ ਉਤਾਵਲੇ ਹਨ, ਜਿਸ ਕਾਰਨ ਲੋਕਾਂ ਵਲੋਂ ਜਿਮਨੀ ਚੋਣ ਵਿਚ ਭਾਜਪਾ ਦੀ ਜਿੱਤ ਪੱਕੀ ਹੈ। ਉਨ੍ਹਾਂ ਕਿਹਾ ਕਿ ਚੱਬੇਵਾਲ ਦੇ ਉਮੀਦਵਾਰ ਅਤੇ ਹਰਮਨ ਪਿਆਰੇ ਆਗੂ ਸਾਬਕਾ ਮੰਤਰੀ ਸੋਹਣ ਸਿੰਘ ਠੰਢਲ ਹਲਕੇ ਦੇ ਹਰ ਪਰਿਵਾਰ ਚ ਹਰਮਨ ਪਿਆਰੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਐਤਕੀ ਜਿਮਨੀ ਚੋਣਾਂ ਵਿਚ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ, ਤੇ 2027 ਦੀ ਨੀਂਹ ਰੱਖਣ ਲਈ ਲੋਕ ਤਿਆਰ ਬਰ ਤਿਆਰ ਹਨ। ਲਾਲਪੁਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਜਿਸ ਨੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਹਰੇਕ ਸੰਭਵ ਯਤਨ ਕੀਤੇ ਹਨ ਤੇ ਭਵਿੱਖ ਵਿਚ ਵੀ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਹਿੱਤਾਂ ਦੀ ਖਾਤਰ ਭਾਜਪਾ ਨੂੰ ਪੰਜਾਬ ਵਿੱਚ ਵੀ ਸੱਤਾ ਵਿੱਚ ਲਿਆਂਦਾ ਜਾਵੇ।
ਲਾਲਪੁਰਾ ਨੇ ਕਿਹਾ ਕਿ ਹਰਿਆਣਾ ਦੇ ਵੋਟਰ ਸੂਝਵਾਨ ਨਿਕਲੇ ਜਿਨ੍ਹਾਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਅਤੇ ਅੱਜ ਉੱਥੇ ਭਾਜਪਾ ਸਰਕਾਰ ਨੇ ਦੁਬਾਰਾ ਸਰਕਾਰ ਸੰਭਾਲਦਿਆ ਹੀ ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਹੋਰ ਕੇਂਦਰੀ ਸਕੀਮਾਂ ‘ਤੇ ਪਹਿਲਾਂ ਨਾਲੋਂ ਵੀ ਵੱਧ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲਾਲਪੁਰਾ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ਦਿੱਲੀ ਦਾ ਮੁੱਖ ਮੰਤਰੀ ਪੰਜਾਬ ਚਲਾ ਰਿਹਾ ਹੈ। ਕੇਜਰੀਵਾਲ ਫੈਸਲਾ ਕਰਦੇ ਹਨ ਕਿ ਪੰਜਾਬ ਵਿੱਚ ਕਿਸਦੀ ਨਿਯੁਕਤੀ ਕਰਨੀ। ਰਾਜ ਸਭਾ ਦੀਆਂ ਸੀਟਾਂ ਉੱਤੇ ਵੀ ਦਿੱਲੀ ਦੇ ਲੋਕ ਜਾ ਕੇ ਬੈਠਦੇ ਹਨ ਤਾਂ ਕਿਹੜੀ ਪਾਵਰ ਦੀ ਗੱਲ ਕੀਤੀ ਜਾ ਰਹੀ ਹੈ? ਲਾਲਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨਾਲ ਹਰ ਤਰੀਕੇ ਨਾਲ ਧੋਖਾ ਕੀਤਾ ਹੈ। ਕੇਜਰੀਵਾਲ ਨੂੰ ਚਮਕਾਉਣ ਲਈ ਪੰਜਾਬ ਦਾ ਪੈਸਾ ਖਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਮਨੀ ਚੋਣਾਂ ਵਿਚ ਭਾਜਪਾ ਦੇ ਉਮੀਦਵਾਰਾਂ ਦੀ ਜਿੱਤ ਨਿਸ਼ਚਿਤ ਹੈ ਤੇ ਹੁਣ ਸਾਰੇ ਭਾਜਪਾ ਵਰਕਰ ਇੱਕਜੁੱਟ ਹੋ ਕੇ ਭਾਜਪਾ ਦੀ 2027 ਵਿਚ ਜਿੱਤ ਯਕੀਨੀ ਬਣਾਉਣ ਲਈ ਮੈਦਾਨ ਵਿਚ ਡਟ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਉਮੀਦਵਾਰ ਸੋਹਣ ਸਿੰਘ ਠੰਢਲ, ਭਾਜਪਾ ਰੂਪਨਗਰ ਮੰਡਲ ਦੇ ਪ੍ਰਧਾਨ ਸ੍ਰੀ ਜਗਦੀਸ਼ ਚੰਦਰ ਕਾਜਲਾ, ਅਮਨਪ੍ਰੀਤ ਸਿੰਘ ਕਾਬੜਵਾਲ ਯੂਥ ਪ੍ਰਧਾਨ, ਸੁਰਿੰਦਰਪਾਲ ਸੇਠੀ, ਨਵਾਂਸ਼ਹਿਰ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਆਦਿ ਸਹਿਤ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ।