ਹੁਸ਼ਿਆਰਪੁਰ (ਓ.ਪੀ. ਰਾਣਾ) : ਬਹੁਜਨ ਸਮਾਜ ਪਾਰਟੀ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਦਾ ਬਸਪਾ ਪੰਜਾਬ ਵਲੋੰ ਨਿੱਘਾ ਤੇ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਬਸਪਾ ਪੰਜਾਬ ਦੀ ਲੀਡਰਸ਼ਿਪ ਵਲੋਂ ਤਨ, ਮਨ,ਧੰਨ ਨਾਲ ਪੰਜਾਬ ਵਿਚ ਸਾਹਿਬ ਕਾਂਸ਼ੀ ਰਾਮ ਦੀ ਆਰਥਿਕ,ਸਮਾਜਿਕ ਤੇ ਰਾਜਨੀਤਕ ਪਰਿਵਰਤਨ ਦੀ ਲਹਿਰ ਨੂੰ ਜ਼ੋਰ ਸ਼ੋਰ ਨਾਲ ਸੁਰਜੀਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਕਰੀਮਪੁਰੀ ਵਲੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਸਮਾਨਤਾ, ਸ਼ਾਂਤੀ ਅਤੇ ਭਾਈਚਾਰੇ ਦੇ ਸਿਧਾਂਤ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਓਨਾਂ ਕਿਹਾ ਕਿ “ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵਡਿਆਂ ਸਿਹੁ ਕਿਆ ਰੀਸ” ਦੇ ਸੰਦੇਸ਼ ਤੇ ਚੱਲ ਕੇ ਜਾਤ ਤੋੜੋ ਸਮਾਜ ਜੋੜੋ ਦੇ ਸੰਕਲਪ ਤਹਿਤ ਜਾਤੀ,ਨਫਰਤ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸੰਘਰਸ਼ ਨੂੰ ਤੇਜ਼ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ। ਜਿਸ ਤਰਾਂ ਸਤਿਗੁਰੂ ਨਾਨਕ ਦੇਵ ਜੀ ਨੇ ਵਿਵਸਥਾ ਦੇ ਠੇਕੇਦਾਰਾਂ ਦੇ ਖਿਲਾਫ ਅਵਾਜ ਉਠਾਈ ਅਤੇ ਪੀੜਤਾਂ ਦੇ ਹੱਕ ਵਿੱਚ ਲੜਾਈ ਲੜੀ ਹੈ। ਬਾਬਰ ਨੂੰ ਠੁਕਰਾ ਕੇ ਲਾਲੋ ਨੂੰ ਚੁਣਿਆ , ਸਦਨੇ ਕਸਾਈ ਅਤੇ ਕੌਡੇ ਰਾਖਸ਼ ਨੂੰ ਵੀ ਆਪਣਾ ਬਣਾਇਆ। ਪੀੜਤਾਂ ਦੇ ਸੰਘਰਸ਼ ਵਿਚ ਰਾਜੇ ਨੂੰ ਠੁਕਰਾ ਕੇ ਜਨਤਾ ਨੂੰ ਆਪਣਾ ਸਾਥੀ ਚੁਣਿਆ। ਕਰੀਮਪੁਰੀ ਨੇ ਸਮੁੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਮਿਲਕੇ ਹੰਕਾਰ, ਹਉਮੈ ਅਤੇ ਆਲਸ ਦਾ ਤਿਆਗ ਕਰਕੇ ਗੈਰ ਬਰਾਬਰੀ ਵਾਲੀ ਵਿਵਸਥਾ ਬਦਲ ਕੇ ਨਫਰਤ ਰਹਿਤ,ਜਾਤੀ ਰਹਿਤ ਨਸ਼ੇ ਰਹਿਤ ਨਵੇਂ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰੀਏ। ਇਸ ਮੌਕੇ ਰਣਧੀਰ ਸਿੰਘ ਬੇਨੀਵਾਲ ਇੰਚਾਰਜ ਪੰਜਾਬ,ਵਿਪਲ ਕੁਮਾਰ ਇੰਚਾਰਜ ਪੰਜਾਬ, ਡਾ. ਨਛੱਤਰ ਪਾਲ ਐਮ ਐਲ ਏ, ਭਗਵਾਨ ਸਿੰਘ ਚੌਹਾਨ ਸੀਨੀ.ਆਗੂ ਬਸਪਾ ਪੰਜਾਬ,ਅਜੀਤ ਸਿੰਘ ਭੈਣੀ ਵਾਈਸ ਪ੍ਰਧਾਨ ਪੰਜਾਬ, ਕੁਲਦੀਪ ਸਿੰਘ ਸਰਦੂਲਗੜ੍ਹ ਜਨਰਲ ਸਕੱਤਰ ਪੰਜਾਬ,ਅਜੀਤ ਸਿੰਘ ਬਜਹੇੜੀ ,ਗੁਰਲਾਲ ਸੈਲਾ,ਐਡਵੋਕੇਟ ਰਜਿੰਦਰ ਕੁਮਾਰ, ਠੇਕੇਦਾਰ ਰਜਿੰਦਰ ਸਿੰਘ, ਡਾ. ਮੱਖਣ ਸਿੰਘ ਸੰਗਰੂਰ ਅਤੇ ਹੋਰ ਲੀਡਰਸ਼ਿਪ ਨੇ ਵੀ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।