ਗ਼ਦਰੀ ਬਾਬਿਆਂ ਦੇ ਮੇਲੇ ’ਤੇ ਲੱਗੇ ਪੁਸਤਕਾਂ ਦੇ ਸਟਾਲਾਂ ’ਤੇ ਉਮੜੇ ਪੁਸਤਕ ਪ੍ਰੇਮੀ

Share and Enjoy !

Shares


– ਹਰ ਉਮਰ ਦੇ ਪੁਸਤਕ ਪ੍ਰੇਮੀਆ ਨੇ ਖ਼ਰੀਦੀਆਂ ਮਨ-ਪਸੰਦ ਪੁਸਤਕਾਂ
ਜਲੰਧਰ (ਰਵੀ ਕੁਮਾਰ) : ਬੱਚੇ, ਜਵਾਨ ਤੇ ਬਜ਼ੁਰਗ ਭਾਵ ਕਿ ਹਰ ਉਮਰ ਵਰਗ ਦੇ ਲੋਕ ਮੇਲੇ ਦੌਰਾਨ ਸਟਾਲਾਂ ਦੀ ਫਰੋਲਾ-ਫਰਾਲੀ ਕਰ ਰਹੇ ਸਨ। ਇਹ ਫਰੋਲਾ-ਫਰਾਲੀ ਉਹ ਕੱਪੜੇ, ਮਨਿਆਰੀ ਜਾਂ ਖਾਣ-ਪੀਣ ਦੀਆ ਵਸਤਾਂ ਖਰੀਦਣ ਲਈ ਨਹੀਂ ਬਲਕਿ ਆਪਣਾ ਬੌਧਿਕ ਪੱਧਰ ਵਧਾਉਣ ਅਤੇ ਵਿਸ਼ਵ ’ਚ ਵਾਪਰ ਚੁੱਕੀਆਂ ਤੇ ਮੌਜੂਦਾ ਦੌਰ ’ਚ ਵਾਪਰ ਰਹੀਆਂ ਘਟਨਾਵਾਂ ਬਾਰੇ ਗਿਆਨ ਹਾਸਲ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗੇ 33ਵੇਂ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਲੱਗੇ ਪੁਸਤਕਾਂ ਦੇ ਸਟਾਲਾਂ ’ਤੇ ਪਈਆਂ ਆਪਣੀ ਪਸੰਦ ਦੀਆਂ ਪੁਸਤਕਾਂ ਖਰੀਦਣ ਲਈ ਕਰ ਰਹੇ ਸਨ। ਮੇਲੇ ਦੌਰਾਨ 100 ਦੇ ਕਰੀਬ ਪੁਸਤਕ ਵਿਕਰੇਤਾਵਾਂ ਨੇ ਅਗਾਂਹਵਧੂ ਸਾਹਿਤ, ਚਲੰਤ ਮਾਮਲਿਆਂ, ਵਾਪਰ ਰਹੀਆਂ ਧਾਰਮਿਕ, ਸਿਆਸੀ ਤੇ ਇਤਿਹਾਸਕ ਘਟਨਾਵਾਂ ਨਾਲ ਸਬੰਧਤ ਵਿਸ਼ਿਆਂ ਸਬੰਧੀ ਪੁਸਤਕ ਪ੍ਰਦਰਸ਼ਨੀ ’ਚ ਲਿਆਂਦੀਆਂ ਹੋਈਆਂ ਹਨ। ਮੇਲੇ ਦੇ ਦੂਜੇ ਦਿਨ ਹਾਲ ਦੇ ਵਿਹੜੇ ’ਚ ਲੱਗੇ ਪੁਸਤਕਾਂ ਦੇ ਸਟਾਲਾਂ ਉਤੇ ਪੁਸਤਕਾਂ ਦੇਖਣ ਤੇ ਖਰੀਦਣ ਲਈ ਸਕੂਲੀ ਬੱਚੇ ਆਪਣੇ ਅਧਿਆਪਕਾਂ ਅਤੇ ਕਈ ਬੱਚੇ ਆਪਣੇ ਮਾਪਿਆਂ ਨਾਲ ਪੁੱਜੇ ਹੋਏ ਸਨ। ਬੱਚਿਆ ਤੋਂ ਇਲਾਵਾ ਕਾਲਜਾਂ ’ਚ ਪੜ੍ਹਨ ਵਾਲੇ ਮੁੰਡੇ-ਕੁੜੀਆ ਤੋਂ ਇਲਾਵਾ ਪੁਸਤਕਾਂ ’ਚ ਰੁਚੀ ਰੱਖਣ ਵਾਲੇ ਅਧਖੜ ਤੇ ਬਜ਼ੁਰਗ ਵੀ ਸਟਾਲਾਂ ’ਤੇ ਪੁਸਤਕਾਂ ਦੇਖ ਰਹੇ ਸਨ। ਲੋਹੀਆਂ ਤੋਂ ਪੁੱਜੇ ਬਜ਼ੁਰਗ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਘਰੋਂ ਹੀ ਸੋਚ ਕੇ ਆਏ ਸਨ ਕਿ ਕਿਹੜੀ ਪੁਸਤਕ ਖਰੀਦਣੀ ਹੈ, ਇਸ ਲਈ ਸਟਾਲਾਂ ਵਾਲਿਆ ਤੋਂ ਪੁੱਛਗਿੱਛ ਕਰਕੇ ਆਪਣੀ ਮਨ-ਪਸੰਦ ਪੁਸਤਕ ਖਰੀਦੀ ਹੈ।
ਪੁਸਤਕ ਮੇਲੇ ਦੌਰਾਨ ਜਿੱਥੇ ਵੱਖ-ਵੱਖ ਵਿਸ਼ਿਆ ਨਾਲ ਸਬੰਧਤ ਪੁਸਤਕਾਂ ਪ੍ਰਦਰਸ਼ਨ ਕੀਤੀਆ ਗਈਆ ਹਨ, ਉਥੇ ਹੀ ਪੰਜਾਬੀ ਸੁੰਦਰ ਲਿਖਾਈ (ਕੈਲੀਗ੍ਰਾਫੀ) ਤੇ ਸਕੈੱਚ ਬਣਾਉਣ ਵਾਲੇ ਕਲਾਕਾਰਾਂ ਨੇ ਵੀ ਸਟਾਲ ਲਾਏ ਹੋਏ ਹਨ। ਸਕੂਲੀ ਬੱਚੇ ਉਨ੍ਹਾਂ ਕੋਲੋਂ ਆਪਣੀ ਪਸੰਦ ਦੇ ਕਾਰਡ ਉਪਰ ਸ਼ਬਦ ਲਿਖਾਉਣ ਤੋਂ ਇਲਾਵਾ ਆਪਣੇ ਸਕੈੱਚ ਬਣਵਾ ਰਹੇ ਸਨ। ਇਸੇ ਤਰ੍ਹਾਂ ਸੁੰਦਰ ਲਿਖਾਈ ਵਾਲੇ ਕਲਾਕਾਰ ਕੋਲੋਂ ਵੀ ਲੋਕ ਮਾਂ ਬੋਲੀ ’ਚ ਸਤਰਾਂ ਲਿਖਵਾ ਕੇ ਲਿਜਾ ਰਹੇ ਸਨ ਤੇ ਕਈ ਪਹਿਲਾਂ ਹੀ ਫਰੇਮ ਕੀਤੀਆ ਸੁੰਦਰ ਲਿਖਾਈ ਵਾਲੀਆਂ ਲਿਖਤਾਂ ਖਰੀਦ ਰਹੇ ਸਨ। ਇਨ੍ਹਾਂ ਤੋਂ ਇਲਾਵਾ ਦੇਸ਼ ਭਗਤ ਦੀਆ ਤਸਵੀਰਾਂ ਵਾਲੀਆ ਟੀ-ਸ਼ਰਟਾਂ, ਛੱਲੇ ਤੇ ਪੋਸਟਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।
– ਲੇਖਕਾਂ, ਸਾਹਿਤਕਾਰਾਂ ਤੇ ਵਿਵਦਾਨਾਂ ਦਾ ਮੇਲਾ
ਦੱਸਣਯੋਗ ਹੈ ਕਿ ਗ਼ਦਰੀ ਬਾਬਿਆਂ ਦੇ ਮੇਲੇ ਦੌਰਾਨ ਹਰ ਸਾਲ ਲੱਗਣ ਵਾਲਾ ਇਹ ਪੁਸਤਕ ਮੇਲਾ ਨਿਵੇਕਲੀ ਪਛਾਣ ਵਾਲਾ ਮੇਲਾ ਬਣ ਚੁੱਕਾ ਹੈ। ਇਸ ਮੇਲੇ ’ਤੇ ਨਾ ਸਿਰਫ ਪੁਸਤਕ ਪ੍ਰੇਮੀ ਹੀ ਪੁਸਤਕਾਂ ਖ਼ਰੀਦਣ ਪੁੱਜਦੇ ਹਨ ਬਲਕਿ ਸੂਝਵਾਨ ਪੱਤਰਕਾਰ, ਲੇਖਕ, ਕਵੀ, ਸ਼ਾਇਰ, ਕਹਾਣੀਕਾਰ, ਨਾਵਲਕਾਲ, ਆਲੋਚਕ ਤੇ ਅਧਿਆਪਕ ਵੀ ਪੁੱਜਦੇ ਹਨ। ਇਹ ਮੇਲਾ ਅਜਿਹੇ ਵਿਚਾਰਧਾਰਕ ਤੇ ਸਿਧਾਂਤਕ ਲੋਕਾਂ ਲਈ ਆਪਸੀ ਵਿਚਾਰ-ਚਰਚਾ ਦਾ ਮੰਚ ਵੀ ਬਣਦਾ ਹੈ। ਸ਼ੁੱਕਰਵਾਰ ਨੂੰ ਵੀ ਹਾਲ ਦੇ ਅੰਦਰ ਵੱਖ-ਵੱਖ ਥਾਵਾਂ ’ਤੇ ਵਿਦਵਾਨ ਤੇ ਸਾਹਿਤਕਾਰ ਨਵੀਆਂ ਆਈਆਂ ਪੁਸਤਕਾਂ ਅਤੇ ਸਾਹਿਤ ਦੀਆ ਵੱਖ-ਵੱਖ ਵੰਨਗੀਆਂ ਬਾਰੇ ਆਪਸੀ ਵਿਚਾਰ-ਚਰਚਾ ਕਰਦੇ ਦੇਖੇ ਗਏ।

About Post Author

Share and Enjoy !

Shares

Leave a Reply

Your email address will not be published. Required fields are marked *